ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਰਹਿਬਰ ਸਨ ਜਿਨ੍ਹਾਂ ਨੇ ਆਮ ਲੋਕਾਂ ਨੂੰ ਵਿਕਾਰਾਂ ਅਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰ ਕੇੇ ਪਰਮਸਤਿ ਦਾ ਮਾਰਗ ਦਿਖਾਇਆ | ਇਹ ਇਕ ਅਜਿਹਾ ਮਾਰਗ ਹੈ ਜਿਹੜਾ ਕਿ ਆਮ ਲੋਕਾਂ ਨੂੰ ਸਥਾਨਿਕ ਵਿਸ਼ਵਾਸ ਅਤੇ ਪ੍ਰਭਾਵ ਤੋਂ ਮੁਕਤ ਕਰਕੇ ਅਜਿਹੀ ਹਸਤੀ ਨਾਲ ਜੋੜਨ ਦਾ ਕਾਰਜ ਕਰਦਾ ਹੈ ਜਿਸ ਦੀ ਹੋਂਦ ਸਰਬ-ਵਿਆਪਕ ਰੂਪ ਵਿਚ ਹਰ ਇਕ ਸਮੇਂ ਅਤੇ ਸਥਾਨ 'ਤੇ ਮਹਿਸੂਸ ਕੀਤੀ ਜਾ ਸਕਦੀ ਹੈ | ਇਸ ਸਰਬੋਤਮ ਹਸਤੀ ਪ੍ਰਤੀ ਪੈਦਾ ਹੋਣ ਵਾਲੀ ਦੈਵੀ ਭਾਵਨਾ ਵਿਅਕਤੀਗਤ ਵਿਸ਼ਵਾਸ ਤੋਂ ਸਰਬਸਾਂਝੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦਾ ਕਾਰਜ ਕਰਦੀ ਹੈ ਜਿਹੜੀ ਕਿ ਦੇਸ਼, ਕਾਲ, ਜਾਤ-ਪਾਤ, ਊਚ-ਨੀਚ ਅਤੇ ਭੂਗੋਲਿਕ ਖਿੱਤੇ ਦੇ ਹੰਕਾਰ ਤੋਂ ਮੁਕਤ ਕਰਕੇ ਸਮਾਜਿਕ ਬਰਾਬਰੀ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦੀ ਪ੍ਰੇਰਨਾ ਕਰਦੀ ਹੈ |
ਗੁਰੂ ਨਾਨਕ ਦੇਵ ਜੀ ਇਕ ਰੱਬੀ ਪੁਰਖ ਜਾਂ ਦੈਵੀ ਸ਼ਖ਼ਸੀਅਤ ਵਜੋਂ ਸੰਸਾਰ ਦੀ ਧਾਰਮਿਕ ਪਰੰਪਰਾ ਵਿਚ ਪ੍ਰਵੇਸ਼ ਕਰਦੇ ਹਨ ਅਤੇ ਆਪਣੀ ਵਿਲੱਖਣ ਵਿਚਾਰਧਾਰਾ ਰਾਹੀਂ ਸਮੁੱਚੇ ਜਗਤ ਵਿਚ ਵਿਸ਼ੇਸ਼ ਸਥਾਨ ਗ੍ਰਹਿਣ ਕਰ ਜਾਂਦੇ ਹਨ | ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਪੁਰਖ ਅਤੇ ਮਹਾਂਪੁਰਖ ਉਨ੍ਹਾਂ ਨੂੰ 'ਸਭ ਤੇ ਵਡਾ ਸਤਿਗੁਰੁ ਨਾਨਕੁ' ਕਹਿ ਕੇ ਸਤਿਕਾਰਯੋਗ ਅਤੇ ਸ਼ਰਧਾਮਈ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ | ਜਿਹੜਾ ਵੀ ਮਨੁੱਖ ਇਕ ਵਾਰੀ ਉਨ੍ਹਾਂ ਦੇ ਸੰਪਰਕ ਵਿਚ ਆਇਆ, ਉਹ ਉਨ੍ਹਾਂ ਦੇ ਪ੍ਰਭਾਵ ਤੋਂ ਮੁਕਤ ਨਾ ਹੋ ਸਕਿਆ | ਕਠੋਰ ਮਨ ਵਾਲੇ ਮਨੁੱਖ ਗੁਰੂ ਜੀ ਦੇ ਬੋਲਾਂ ਅਤੇ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨਾਲ ਜੁੜਦੇ ਰਹੇ | ਗੁਰੂ ਜੀ ਦੀ ਸ਼ਖ਼ਸੀਅਤ ਦਾ ਇਕ ਵੱਡਾ ਗੁਣ ਇਹ ਸੀ ਕਿ ਜਿਸ ਵੀ ਮਨੁੱਖ ਨੂੰ ਉਨ੍ਹਾਂ ਨੇ ਜਿਹੜਾ ਆਦੇਸ਼ ਦਿੱਤਾ, ਸਾਰੀ ਉਮਰ ਉਹ ਵਿਅਕਤੀ ਉਸੇ ਸਿੱਖਿਆ ਅਤੇ ਸੰਦੇਸ਼ ਦਾ ਪਾਲਣ ਕਰਦਾ ਰਿਹਾ | ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਦੇਖਣ ਨੂੰ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਵੀ ਮਨੁੱਖ ਨੂੰ ਇਕ ਵਾਰ ਮਿਲੇ, ਦੁਬਾਰਾ ਉਨ੍ਹਾਂ ਨੂੰ ਉਸ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ | ਗੁਰੂ ਜੀ ਦੇ ਸੰਪਰਕ ਵਿਚ ਆਏ ਮਨੁੱਖਾਂ ਨੇ ਸਿੱਖੀ ਧਾਰਨ ਕਰ ਲਈ ਸੀ ਅਤੇ ਆਪੋ-ਆਪਣੇ ਇਲਾਕਿਆਂ ਵਿਚ ਧਰਮਸਾਲ ਦੀ ਸਥਾਪਨਾ ਕਰ ਕੇ ਉਹ ਗੁਰੂ ਜੀ ਦੇ ਪ੍ਰਭੂ-ਮੁਖੀ ਅਤੇ ਮਨੁੱਖੀ-ਭਾਈਚਾਰੇ ਦੀ ਪ੍ਰਫੁੱਲਤਾ ਵਾਲੇ ਆਦੇਸ਼ਾਂ ਦਾ ਪਾਲਣ ਕਰਨ ਲੱਗੇ ਸਨ | ਗੁਰੂ ਜੀ ਦੇ ਅਧਿਆਤਮਿਕ ਸੰਦੇਸ਼ ਦੇ ਸਨਮੁਖ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ -
ਤਿਨ ਕਉ ਕਿਆ ਉਪਦੇਸੀਐ
ਜਿਨ ਗੁਰੁ ਨਾਨਕ ਦੇਉ¨
ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਜਿਹੜੀ ਵਿਆਖਿਆ ਪ੍ਰਦਾਨ ਕੀਤੀ ਹੈ ਉਹ ਸਮਾਜ ਵਿਚ ਪ੍ਰਚੱਲਿਤ ਧਰਮ ਦੀ ਕੀਤੀ ਜਾ ਰਹੀ ਵਿਆਖਿਆ ਨੂੰ ਰੱਦ ਕਰਕੇ ਧਰਮ ਨੂੰ ਨਵੇਂ ਰੂਪ ਵਿਚ ਸਮਝਣ ਦੀ ਸੋਝੀ ਪ੍ਰਦਾਨ ਕਰਦੀ ਹੈ | ਗੁਰੂ ਜੀ ਆਮ ਲੋਕਾਂ 'ਤੇ ਪਏ ਹੋਏ ਧਰਮ ਦੇ ਪ੍ਰਭਾਵ ਬਾਰੇ ਜਾਣਦੇ ਸਨ ਕਿ ਇਸ ਨੂੰ ਮਨੁੱਖੀ ਜੀਵਨ ਦਾ ਕੇਂਦਰੀ ਧੁਰਾ ਮੰਨਿਆ ਜਾ ਰਿਹਾ ਹੈ ਪਰ ਇਸ ਦੀ ਗ਼ਲਤ ਵਿਆਖਿਆ ਨਾਲ ਸਮਾਜ ਵਿਚ ਭੇਦਭਾਵ, ਈਰਖਾ, ਨਫ਼ਰਤ ਅਤੇ ਝੂਠ ਦਾ ਬੋਲਬਾਲਾ ਪੈਦਾ ਹੋ ਰਿਹਾ ਹੈ | ਤਤਕਾਲੀ ਸਮਾਜ ਵਿਚੋਂ ਧਰਮ ਦੀ ਭਾਵਨਾ ਦੇ ਮਨਫ਼ੀ ਹੋਣ ਨਾਲ ਪੈਦਾ ਹੋਈ ਸਥਿਤੀ ਦਾ ਵਰਨਨ ਕਰਦੇ ਹੋਏ ਗੁਰੂ ਜੀ ਦੱਸਦੇ ਹਨ-
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ¨
ਸਮਾਜ ਵਿਚ ਧਰਮ ਦੀਆਂ ਕਦਰਾਂ-ਕੀਮਤਾਂ ਦੀ ਹਾਨੀ ਮਨੁੱਖੀ ਜੀਵਨ ਵਿਚੋਂ ਸਦਾਚਾਰ ਦੇ ਮਨਫ਼ੀ ਹੋਣ ਦੀ ਨਿਸ਼ਾਨੀ ਹੈ | ਧਰਮ ਦੀ ਮੂਲ ਭਾਵਨਾ ਦੇ ਮਨਫ਼ੀ ਹੋਣ ਨਾਲ ਅਣਖ ਅਤੇ ਸਵੈਮਾਣ ਦੀ ਭਾਵਨਾ ਵੀ ਅਲੋਪ ਹੋ ਜਾਂਦੀ ਹੈ ਜਿਸ ਨਾਲ ਲੋਭ ਅਤੇ ਸਵਾਰਥ ਦੀ ਪਕੜ ਮਜ਼ਬੂਤ ਹੁੰਦੀ ਹੈ | ਮੁਸਲਿਮ ਹਾਕਮਾਂ ਨੂੰ ਖ਼ੁਸ਼ ਕਰਨ ਅਤੇ ਆਪਣੀਆਂ ਜਾਗੀਰਾਂ ਬਚਾਉਣ ਲਈ ਭਾਰਤੀ ਹਾਕਮਾਂ ਨੇ ਜਿਹੜਾ ਮਾਰਗ ਧਾਰਨ ਕੀਤਾ ਸੀ, ਉਸ ਨਾਲ ਦਰਬਾਰੀ ਧਰਮ ਦਾ ਵਿਕਾਸ ਹੋਇਆ ਸੀ ਅਤੇ ਇਸ ਦਾ ਅਸਰ ਭਾਰਤੀ ਜਨਤਾ 'ਤੇ ਵੀ ਦੇਖਣ ਨੂੰ ਮਿਲਿਆ ਜਿਸ ਦਾ ਵਰਨਣ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ :
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ¨
ਨਿਰਬਲ ਅਤੇ ਅਸਹਾਈ ਮਹਿਸੂਸ ਕਰ ਰਹੀ ਭਾਰਤੀ ਜਨਤਾ ਨੇ ਬਾਦਸ਼ਾਹ ਦੇ ਧਰਮ ਵਾਲੀ ਜੀਵਨਜਾਚ ਅਪਣਾਉਣੀ ਅਰੰਭ ਕਰ ਦਿੱਤੀ ਸੀ | ਸਮਾਜ ਵਿਚ ਪੈਦਾ ਹੋਈ ਅਜਿਹੀ ਬਿਰਤੀ ਅਧੀਨ ਖੁਸ਼ਾਮਦੀ ਅਤੇ ਵਿਕਾਰੀ ਭਾਵਨਾਵਾਂ ਨੇ ਭਰਪੂਰ ਵਿਕਾਸ ਕੀਤਾ |
ਗੁਰੂ ਜੀ ਦੁਆਰਾ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ 'ਤੇ ਜਾ ਕੇ ਪਰਮਾਤਮਾ ਦੇ ਦਿ੍ੜ੍ਹ ਕਰਵਾਏ ਸੰਦੇਸ਼ ਨੇ ਆਮ ਲੋਕਾਂ ਦੇ ਮਨ ਵਿਚ ਵਿਚਾਰ ਅਤੇ ਵਿਸ਼ਲੇਸ਼ਣ-ਸ਼ਕਤੀ ਨੂੰ ਉਜਾਗਰ ਕੀਤਾ ਜਿਸ ਦੇ ਅਧੀਨ ਉਹ ਕਰਮਕਾਂਡ ਵਾਲੀ ਬਿਰਤੀ ਤਿਆਗ ਕੇ ਪਰਮ ਸਤਿ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਹੋਏ ਸਨ | ਸਦੀਆਂ ਤੋਂ ਕੀਤੇ ਜਾ ਰਹੇ ਨਿਰਾਰਥਕ ਕਰਮਕਾਂਡਾਂ ਨੇ ਆਮ ਲੋਕਾਂ ਦੇ ਜੀਵਨ ਵਿਚ ਖੜੋਤ ਲਿਆਉਣ ਅਤੇ ਪ੍ਰੋਹਿਤ ਵਰਗ ਦੀ ਸਰਦਾਰੀ ਨੂੰ ਕਾਇਮ ਰੱਖਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਸੀ | ਮਨ ਵਿਚ ਪੱਕੇ ਹੋ ਗਏ ਸੰਸਕਾਰਾਂ ਨੂੰ ਬਦਲਣਾ ਅਤੇ ਨਵੇਂ ਵਿਚਾਰਾਂ ਨੂੰ ਮਨ ਵਿਚ ਵਸਾਉਣਾ ਲਗਪਗ ਅਸੰਭਵ ਹੁੰਦਾ ਹੈ | ਗੁਰੂ ਸਾਹਿਬ ਦੇ ਬੋਲਾਂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਸੀ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ਨੇ ਆਮ ਲੋਕਾਂ ਦੇ ਮਨ ਵਿਚ ਧਰਮ ਦੀ ਸੁਚਾਰੂ ਅਤੇ ਸਾਰਥਿਕ ਭਾਵਨਾ ਨੂੰ ਜਨਮ ਦਿੱਤਾ ਸੀ |
ਮਨ ਵਿਚ ਧਰਮ ਦੀ ਸਹੀ ਸੋਝੀ ਪੈਦਾ ਕਰਨਾ ਗੁਰੂ ਜੀ ਦਾ ਜੀਵਨ-ਉਦੇਸ਼ ਸੀ ਕਿਉਂਕਿ ਸੋਝੀ ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਪਾਪ ਤੋਂ ਮੁਕਤ ਕਰਕੇ ਮਨ ਵਿਚ ਨਿਮਰਤਾ, ਸਦਾਚਾਰ, ਦਿ੍ੜ੍ਹਤਾ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਦੀ ਹੈ | ਸਹੀ ਸੋਝੀ ਕਿਵੇਂ ਪੈਦਾ ਹੋ ਸਕਦੀ ਹੈ? ਇਹ ਇਕ ਗੁੰਝਲਦਾਰ ਪ੍ਰਸ਼ਨ ਹੈ ਜਿਸ ਦਾ ਹੱਲ ਲੱਭਣ ਲਈ ਬਹੁਤ ਸਾਰੇ ਲੋਕ ਯਤਨ ਕਰਦੇ ਆ ਰਹੇ ਹਨ | ਆਮ ਤੌਰ 'ਤੇ ਇਹ ਧਾਰਨਾ ਬਣੀ ਹੋਈ ਹੈ ਕਿ ਧਾਰਮਿਕ ਆਗੂ ਆਮ ਲੋਕਾਂ ਦੇ ਮਨ ਵਿਚ ਸਹੀ ਸੋਝੀ ਪੈਦਾ ਕਰ ਸਕਦੇ ਹਨ | ਧਾਰਮਿਕ ਪਹਿਰਾਵਾ ਲੋਕਾਂ ਦੀ ਖਿੱਚ ਦਾ ਕਾਰਨ ਬਣਿਆ ਰਹਿੰਦਾ ਹੈ ਅਤੇ ਇਹ ਸਮਝਿਆ ਜਾਂਦਾ ਹੈ ਕਿ ਅਜਿਹੇ ਪਹਿਰਾਵੇ ਵਾਲੇ ਸ਼ਖ਼ਸ ਆਮ ਲੋਕਾਂ ਤੋਂ ਵਧੇਰੇ ਸਚਿਆਰੇ ਅਤੇ ਸਦਾਚਾਰੀ ਹੁੰਦੇ ਹਨ | ਗੁਰੂ ਨਾਨਕ ਦੇਵ ਜੀ ਵੀ ਧਾਰਮਿਕ ਪਹਿਰਾਵਾ ਪਹਿਨ ਕੇ ਉਦਾਸੀਆਂ 'ਤੇ ਜਾਂਦੇ ਸਨ ਅਤੇ ਜਿਸ ਧਾਰਮਿਕ ਅਕੀਦੇ ਵਾਲੇ ਸਥਾਨ 'ਤੇ ਜਾਣਾ ਹੁੰਦਾ ਸੀ, ਉਸੇ ਤਰ੍ਹਾਂ ਦਾ ਉਹ ਪਹਿਰਾਵਾ ਧਾਰਨ ਕਰ ਲੈਂਦੇ ਸਨ | ਇਨ੍ਹਾਂ ਉਦਾਸੀਆਂ ਦੌਰਾਨ ਹੀ ਜਦੋਂ ਇਨ੍ਹਾਂ ਦੀ ਜੋਗੀਆਂ ਨਾਲ ਵਿਚਾਰ-ਚਰਚਾ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਉਦਾਸੀਆਂ 'ਤੇ ਜਾਣ ਅਤੇ ਧਾਰਮਿਕ ਪਹਿਰਾਵਾ ਧਾਰਨ ਕਰਨ ਦਾ ਕਾਰਨ ਪੁੱਛਿਆ ਸੀ | ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਜਿਹੇ ਗੁਰਮੁਖਾਂ ਦੀ ਭਾਲ ਕਰ ਰਹੇ ਹਨ ਜਿਹੜੇ ਸਮਾਜ ਵਿਚ ਆਮ ਲੋਕਾਂ ਦੇ ਮਨ ਵਿਚ ਧਰਮ ਅਤੇ ਸਦਾਚਾਰ ਦੀ ਸੋਝੀ ਪੈਦਾ ਕਰ ਕੇ ਉਨ੍ਹਾਂ ਦਾ ਜੀਵਨ ਆਦਰਸ਼ਮਈ ਬਣਾ ਸਕਣ ਦੇ ਸਮਰੱਥ ਹੋਣ |
ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਸਮਾਜ ਦਾ ਸੁਪਨਾ ਸਿਰਜਿਆ ਸੀ ਅਤੇ ਇਸ ਦੀ ਪੂਰਤੀ ਹਿਤ ਉਨ੍ਹਾਂ ਅਜਿਹੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕੀਤੀ ਜਿਹੜੀ ਕਿ ਇਕ ਅਕਾਲ ਪੁਰਖ ਅਤੇ ਸਚਿਆਰੇ ਮਨੁੱਖ ਦੀ ਸਿਰਜਣਾ ਦੇ ਮਾਰਗ ਵੱਲ ਲੈ ਕੇ ਜਾਂਦੀ ਸੀ | ਗੁਰੂ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਜਿਥੇ ਵੀ ਗਏ ਉਨ੍ਹਾਂ ਏਸੇ ਸੰਦੇਸ਼ ਅਤੇ ਉਦੇਸ਼ ਨੂੰ ਕਾਇਮ ਰੱਖਿਆ ਸੀ | ਸਚਿਆਰੀ ਜੀਵਨਜਾਚ ਸਚਿਆਰੇ ਮਨੁੱਖਾਂ ਰਾਹੀਂ ਅੱਗੇ ਤੋਰੀ ਜਾਣੀ ਸੀ | ਇਸ ਕਰਕੇ ਜਿਹੜੇ ਵੀ ਮਨੁੱਖ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਮੁੜੇ ਸਨ ਗੁਰੂ ਜੀ ਨੇ ਉਨ੍ਹਾਂ ਨੂੰ ਸਦਾਚਾਰਕ ਜੀਵਨ ਦੇ ਧਾਰਨੀ ਬਣਨ ਅਤੇ ਇਸੇ ਤਰ੍ਹਾਂ ਦੀ ਜੀਵਨਜਾਚ ਰਾਹੀਂ ਲੋਕਾਂ ਦੀ ਅਗਵਾਈ ਕਰਨ ਦੀ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਸੀ |
ਸਚਿਆਰਾ ਬਣਨ ਲਈ ਮਨੁੱਖ ਨੂੰ ਜਿਨ੍ਹਾਂ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ, ਉਨ੍ਹਾਂ ਸਭ ਦਾ ਵਿਸਤਿ੍ਤ ਵਰਨਣ ਗੁਰੂ ਜੀ ਇਸ ਪਵਿੱਤਰ ਬਾਣੀ ਦੇ ਵਿਸਤਾਰ ਵਿਚ ਕਰਦੇ ਹਨ | ਸਚਿਆਰਾ ਬਣਨ ਲਈ ਸਮਕਾਲੀ ਧਰਮ ਪਰੰਪਰਾਵਾਂ ਵਿਚ ਪਹਿਲਾਂ ਤੋਂ ਪ੍ਰਚੱਲਿਤ ਮਾਰਗਾਂ ਨੂੰ ਗੁਰੂ ਜੀ ਅਪ੍ਰਵਾਨ ਕਰ ਦਿੰਦੇ ਹਨ ਅਤੇ ਨਾਲ ਹੀ ਸਚਿਆਰਾ ਬਣਨ ਦਾ ਮਾਰਗ ਦੱਸਦੇ ਹੋਏ ਕਹਿੰਦੇ ਹਨ ਕਿ ਸਚਿਆਰੇ ਮਨੁੱਖਾਂ ਦੀ ਸਤਿ ਸਰੂਪ ਬਾਣੀ ਸੁਣਨ ਨਾਲ, ਉਨ੍ਹਾਂ ਦੇ ਵਚਨ ਮੰਨਣ ਨਾਲ ਅਤੇ ਉਨ੍ਹਾਂ ਅਨੁਸਾਰ ਜੀਵਨ ਬਸਰ ਕਰਨ ਨਾਲ ਮਨੁੱਖ ਆਪਣੇ ਅਧਿਆਤਮਿਕ ਉਦੇਸ਼ ਦੀ ਪ੍ਰਾਪਤੀ ਕਰ ਸਕਦਾ ਹੈ | ਉਹ ਜਿੱਥੇ ਦੁਨਿਆਵੀ ਗਿਆਨ ਦੀ ਸਿਖਰ ਹਾਸਲ ਕਰ ਸਕਦਾ ਹੈ, ਉੱਥੇ ਨਾਲ ਹੀ ਅਧਿਆਤਮਿਕ ਵਿਕਾਸ ਦੇ ਸਮੂਹ ਪੜਾਅ ਪਾਰ ਕਰਨ ਦੇ ਸਮਰੱਥ ਹੋ ਜਾਂਦਾ ਹੈ | ਸਚਿਆਰਾ ਮਨੁੱਖ ਹੀ 'ਸੱਚ ਖੰਡ' ਤੱਕ ਦੇ ਮਾਰਗ ਦਾ ਪੈਂਡਾ ਤੈਅ ਕਰ ਸਕਦਾ ਹੈ ਅਤੇ ਇਸ ਅਵਸਥਾ ਤੱਕ ਪਹੁੰਚਣ ਲਈ ਉਸ ਨੂੰ ਜਿਹੜੇ ਪੜਾਅ ਪਾਰ ਕਰਨ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਉਹ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ ਅਤੇ ਪਰਮਾਤਮਾ ਦੀ ਬਖ਼ਸ਼ਿਸ਼ ਦੁਆਰਾ ਪਾਰ ਕਰ ਲੈਂਦਾ ਹੈ | ਗੁਰੂ ਨਾਨਕ ਦੇਵ ਜੀ ਦੁਆਰਾ ਸਿਰਜੇ ਗਏ ਸਚਿਆਰੇ ਮਨੁੱਖ ਨੂੰ ਗੁਰਮੁਖ ਕਿਹਾ ਗਿਆ ਹੈ ਜਿਸ ਦੇ ਗੁਣਾਂ ਦਾ ਵਰਨਨ ਕਰਦੇ ਹੋਏ ਭਾਈ ਗੁਰਦਾਸ ਜੀ ਦੱਸਦੇ ਹਨ:
ਕਿਰਤ ਵਿਰਤ ਕਰਿ ਧਰਮ ਦੀ ਲੈ ਪਰਸਾਦ ਆਣਿ ਵਰਤੰਦਾ |
ਗੁਰਸਿਖਾਂ ਨੋ ਦੇਇ ਕਰਿ ਪਿਛੋਂ ਬਚਿਆ ਆਪ ਖਵੰਦਾ |
ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ |
ਗੁਰਮੁਖ ਗਾਡੀ ਰਾਹੁ ਚਲੰਦਾ |
ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ 974 ਸ਼ਬਦਾਂ ਦੀ ਰਚਨਾ ਕੀਤੀ ਹੈ | ਜਪੁ, ਆਸਾ ਕੀ ਵਾਰ, ਪਟੀ, ਆਰਤੀ, ਓਅੰਕਾਰ, ਬਾਰਹਮਾਹਾ ਅਤੇ ਸਿਧ ਗੋਸਟਿ ਆਦਿ ਬਾਣੀਆਂ ਦੇ ਨਾਲ-ਨਾਲ ਗੁਰੂ ਜੀ ਨੇ ਮਾਝ, ਆਸਾ ਅਤੇ ਮਲਾਰ ਰਾਗਾਂ ਵਿਚ ਤਿੰਨ ਵਾਰਾਂ ਦੀ ਰਚਨਾ ਕੀਤੀ ਹੈ | ਆਪਣੀ ਬਾਣੀ ਰਾਹੀਂ ਗੁਰੂ ਜੀ ਨੇ ਆਧੁਨਿਕ ਯੁੱਗ ਦੀ ਵਿਚਾਰਧਾਰਾ ਪੇਸ਼ ਕੀਤੀ ਹੈ ਜਿਹੜੀ ਕਿ ਮਨੁੱਖ ਨੂੰ ਜੜ੍ਹਵਾਦੀ ਅਤੇ ਰੂੜ੍ਹੀਵਾਦੀ ਬਿਰਤੀਆਂ ਤੋਂ ਉੱਪਰ ਚੁੱਕ ਕੇ ਉਸ ਦੇ ਮਨ ਵਿਚ ਕਲਿਆਣਕਾਰੀ ਭਾਵਨਾਵਾਂ ਦਾ ਵਿਕਾਸ ਕਰਦੀ ਹੈ | ਉਨ੍ਹਾਂ ਨੇ ਇਕ ਪਾਸੇ ਹਿੰਦੂਆਂ ਦੁਆਰਾ ਮੁਸਲਮਾਨਾਂ ਵਾਲੀ ਅਪਣਾਈ ਜਾ ਰਹੀ ਜੀਵਨਜਾਚ ਦਾ ਵਿਰੋਧ ਕੀਤਾ ਸੀ ਅਤੇ ਦੂਜੇ ਪਾਸੇ ਹਿੰਦੂਆਂ ਦੀ ਪ੍ਰੋਹਿਤ ਸ਼੍ਰੇਣੀ ਦੁਆਰਾ ਆਪਣੇ ਹੀ ਸਮਾਜ ਨੂੰ ਕੁਚੀਲ ਬਣਾਉਣ ਦੀ ਨਿਖੇਧੀ ਕੀਤੀ ਸੀ | ਗੁਰੂ ਜੀ ਦੁਆਰਾ ਪੇਸ਼ ਕੀਤੀ ਮਾਨਵਤਾ-ਮੁਖੀ ਵਿਚਾਰਧਾਰਾ ਦੇ ਵਿਕਾਸ ਨੇ ਸਮਾਜ ਵਿਚ ਕ੍ਰਾਂਤੀਕਾਰੀ ਬਦਲਾਉ ਕੀਤੇ ਸਨ | ਉਨ੍ਹਾਂ ਨੇ ਸਮਾਜ ਵਿਚ ਜੜ੍ਹ ਕਰ ਚੁੱਕੀ ਆਸ਼ਰਮ ਅਤੇ ਵਰਣ ਵਿਵਸਥਾ ਵਿਚ ਬਦਲਾਉ ਕਰਨ ਦਾ ਕਾਰਜ ਕੀਤਾ ਜਿਸ ਦੇ ਨਤੀਜੇ ਵਜੋਂ ਸਮੁੱਚੀ ਮਾਨਵਤਾ ਨੂੰ ਸਮੁੱਚੇ ਜੀਵਨ ਲਈ ਸਮਾਜਿਕ ਵਿਕਾਸ ਦੇ ਮਾਰਗ ਪਾਇਆ | ਗੁਰੂ ਜੀ ਦੁਆਰਾ ਸਥਾਪਿਤ ਕੀਤੇ ਆਦਰਸ਼ਾਂ ਨੇ ਸਮਾਜ ਵਿਚ ਪ੍ਰੇਮ ਅਤੇ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਕਾਰਜ ਕੀਤਾ | ਇਕ ਦੂਜੇ ਦਾ ਵਿਰੋਧ ਕਰ ਰਹੀਆਂ ਭਾਰਤ ਦੀਆਂ ਪ੍ਰਮੁੱਖ ਵਿਚਾਰਧਾਰਾਵਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਵੈਰ-ਵਿਰੋਧ ਦੀ ਭਾਵਨਾ ਨੂੰ ਘੱਟ ਕਰਨ ਦੇ ਯਤਨ ਕੀਤੇ ਸਨ |
ਲੋਕਾਈ ਨੂੰ ਸਿੱਧੇ ਮਾਰਗ ਪਾਉਣ ਅਤੇ ਸਦਾਚਾਰਕ ਜੀਵਨ ਜਾਚ ਧਾਰਨ ਕਰਨ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਨਾਨਕ ਦੇਵ ਜੀ ਉਦਾਸੀਆਂ 'ਤੇ ਗਏ ਸਨ | ਉਦਾਸੀਆਂ ਦੌਰਾਨ ਗੁਰੂ ਜੀ ਨੇ ਲੋਕਾਈ ਨੂੰ ਇਕ ਅਕਾਲ ਪੁਰਖ ਦੇ ਮਾਰਗ ਪਾਇਆ, ਉਸੇ ਦੀ ਭਉ-ਭਾਵਨੀ ਵਿਚ ਰਹਿੰਦੇ ਹੋਏ ਗਿਆਨਵਾਨ ਪੁਰਖਾਂ ਨਾਲ ਚਰਚਾ ਕਰਕੇ ਵਿਚਾਰ-ਵਟਾਂਦਰੇ ਰਾਹੀਂ ਗਿਆਨ ਪ੍ਰਾਪਤ ਕਰਨ ਦੀ ਪਿਰਤ ਨੂੰ ਉਜਾਗਰ ਕੀਤਾ, ਸਦਾਚਾਰਿਕ ਜੀਵਨ ਦਾ ਮਹੱਤਵ ਸਮਝਾਇਆ, ਵਿਅਕਤੀਗਤ ਵਾਧੇ ਦੀ ਥਾਂ ਸੰਸਥਾਗਤ ਵਿਕਾਸ ਨੂੰ ਪਹਿਲ ਦਿੱਤੀ, ਪ੍ਰਭੂ-ਪ੍ਰਾਪਤੀ ਲਈ ਪਹਾੜਾਂ ਅਤੇ ਜੰਗਲਾਂ ਵਿਚ ਜਾਣ ਦੀ ਥਾਂ ਗ੍ਰਹਿਸਤੀ ਜੀਵਨ ਵਿਚ ਗੁਰੂ ਰਾਹੀਂ ਪ੍ਰਭੂ-ਮਿਲਾਪ ਦਾ ਮਾਰਗ ਦਰਸਾਇਆ, ਲੁੱਟ-ਖਸੁੱਟ ਅਤੇ ਭਿ੍ਸ਼ਟਾਚਾਰ ਦੀ ਥਾਂ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰ ਕੇ ਵੰਡ-ਛਕਣ ਦੇ ਸੰਸਥਾਗਤ ਸਿਧਾਂਤ ਨੂੰ ਉਜਾਗਰ ਕਰਦੇ ਹੋਏ ਦੂਜਿਆਂ ਦੇ ਦੁੱਖ ਵਿਚ ਭਾਈਵਾਲ ਬਣਨ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ, ਆਪਣੇ ਧਰਮ ਵਿਚ ਪੱਕੇ ਰਹਿ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿ੍ੜ੍ਹ ਕਰਾਇਆ, ਜਾਤਪਾਤ ਅਤੇ ਭੇਦਭਾਵ ਵਾਲੀ ਜੀਵਨਜਾਚ ਤੋਂ ਵਰਜਿਆ, ਵਹਿਮਾਂ-ਭਰਮਾਂ, ਪਖੰਡਾਂ ਅਤੇ ਕਰਮਕਾਂਡ ਤੋਂ ਦੂਰ ਰਹਿਣ ਲਈ ਕਿਹਾ, ਇਸਤਰੀ ਦਾ ਸਤਿਕਾਰ ਅਤੇ ਸਵੈਮਾਨ ਬਹਾਲ ਕਰਨ ਲਈ ਪ੍ਰੇਰਣਾ ਪੈਦਾ ਕੀਤੀ |
ਗੁਰੂ ਨਾਨਕ ਦੇਵ ਜੀ ਦੀ ਬਾਣੀ ਪਦਾਰਥਕ ਜੀਵਨ ਬਸਰ ਕਰਦੇ ਹੋਏ ਪਰਮਾਰਥ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਪੈਦਾ ਕਰਦੀ ਹੈ | ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ਗੁਰੂ ਜੀ ਦੁਆਰਾ ਪ੍ਰਦਾਨ ਕੀਤੇ ਤਿੰਨ ਸੁਨਹਿਰੀ ਅਸੂਲ ਹਨ ਜਿਹੜੇ ਸਿੱਖ ਨੂੰ ਪਰਮਾਤਮਾ, ਜਗਤ ਅਤੇ ਦੁਨਿਆਵੀ ਜੀਵਾਂ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਪ੍ਰਤੀ ਸੰਵੇਦਨਾ ਪੈਦਾ ਕਰਨ 'ਤੇ ਜ਼ੋਰ ਦਿੰਦੇ ਹਨ | ਦੁਨਿਆਵੀ ਜੀਵਨ ਵਿਚ ਧਰਮ ਅਤੇ ਸਦਾਚਾਰ ਦੇ ਮਾਰਗ ਦੇ ਧਾਰਨੀ ਹੋ ਕੇ ਦੈਵੀ ਉਦੇਸ਼ ਦੀ ਪ੍ਰਾਪਤੀ ਕਰਨ ਦਾ ਜਿਹੜਾ ਮਾਰਗ ਗੁਰੂ ਨਾਨਕ ਦੇਵ ਜੀ ਨੇ ਦਰਸਾਇਆ ਹੈ, ਸਮੁੱਚੀ ਗੁਰਬਾਣੀ ਉਸੇ ਦਾ ਹੀ ਵਿਸਤਾਰ-ਵਰਨਨ ਪੇਸ਼ ਕਰਦੀ ਹੈ |
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |