ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਦੇਸ਼ 'ਚ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 1 ਜੂਨ ਤੋਂ 24 ਰੁਪਏ ਦੀ ਕਟੌਤੀ ਹੋਈ ਹੈ | ਇਹ ਕਟੌਤੀ 19 ਕਿੱਲੋ ਵਾਲੇ ਸਿਲੰਡਰ 'ਚ ਹੋਈ ਹੈ, ਜਦਕਿ 14.2 ਕਿੱਲੋ ਵਾਲੇ ਐਲ.ਪੀ.ਜੀ. ਸਿਲੰਡਰ ਭਾਵ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ | 1 ਜੂਨ 2025 ਤੋਂ ਲਾਗੂ ਹੋਈ ਨਵੀਂ ਦਰ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੀ ਕੀਮਤ ਹੁਣ 1723.50 ਰੁਪਏ ਹੈ, ਜਦਕਿ ਮੁੰਬਈ 'ਚ ਇਸ ਦੀ ਕੀਮਤ 1674.50 ਰੁਪਏ, ਕੋਲਕਾਤਾ 'ਚ 1826 ਰੁਪਏ ਅਤੇ ਚੇਨਈ 'ਚ 1881 ਰੁਪਏ ਹੈ | ਜ਼ਿਕਰਯੋਗ ਹੈ ਕਿ 7 ਅਪ੍ਰੈਲ ਨੂੰ 14.2 ਕਿੱਲੋ ਵਾਲੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਦਾ ਇਜ਼ਾਫਾ ਕੀਤਾ ਗਿਆ ਸੀ | ਇਹ ਵਾਧਾ ਉੱਜਵਲ ਯੋਜਨਾ ਦੇ ਲਾਭਪਾਤਰਾਂ ਅਤੇ ਬਾਕੀ ਲੋਕਾਂ 'ਤੇ ਲਾਗੂ ਕੀਤਾ ਗਿਆ ਸੀ |