ਢਾਕਾ, 1 ਜੂਨ (ਇੰਟ/ਏਜੰਸੀ)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ 'ਤੇ ਮੁਕੱਦਮਾ ਸ਼ੁਰੂ ਹੋ ਗਿਆ ਹੈ | ਇਹ ਦੋਸ਼ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟਿ੍ਬਿਊਨਲ (ਆਈ. ਸੀ. ਟੀ.) 'ਚ ਰਸਮੀ ਤੌਰ 'ਤੇ ਦਰਜ ਕੀਤੇ ਗਏ | ਮੁੱਖ ਵਕੀਲ ਤਾਜੁਲ ਇਸਲਾਮ ਨੇ ਟਿ੍ਬਿਊਨਲ 'ਚ ਇਹ ਦੋਸ਼ ਦਰਜ ਕੀਤੇ ਹਨ | ਆਈ.ਸੀ.ਟੀ. ਦੇ ਵਕੀਲ ਗਾਜ਼ੀ ਮਨੋਰ ਹੁਸੈਨ ਤਮੀਮ ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ 12 ਮਈ ਨੂੰ ਟਿ੍ਬਿਊਨਲ ਦੀ ਜਾਂਚ ਏਜੰਸੀ ਨੇ ਹਸੀਨਾ ਵਿਰੁੱਧ ਆਪਣੀ ਜਾਂਚ ਰਿਪੋਰਟ ਪੇਸ਼ ਕੀਤੀ ਸੀ | ਇਸਨੇ ਜੁਲਾਈ 2024 'ਚ ਅੰਦੋਲਨ ਦੌਰਾਨ ਮਨੁੱਖਤਾ ਵਿਰੁੱਧ ਅਪਰਾਧਾਂ ਦੇ 5 ਦੋਸ਼ ਲਗਾਏ ਸਨ | ਰਿਪੋਰਟ ਦੇ ਅਨੁਸਾਰ, ਅੰਦੋਲਨ ਦੌਰਾਨ 1500 ਤੋਂ ਵੱਧ ਲੋਕ ਮਾਰੇ ਗਏ ਸਨ ਜਦਕਿ 25 ਹਜ਼ਾਰ ਤੋਂ ਵੱਧ ਜ਼ਖਮੀ ਹੋਏ ਸਨ | ਆਈ.ਸੀ.ਟੀ. ਨੇ ਹਸੀਨਾ ਤੇ 2 ਹੋਰਾਂ ਨੂੰ ਇਨ੍ਹਾਂ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਹੈ | ਜ਼ਿਕਰਯੋਗ ਹੈ ਕਿ ਹਸੀਨਾ ਸਰਕਾਰ ਨੂੰ ਬੇਦਖਲ ਕਰਨ ਤੋਂ ਲਗਭਗ 10 ਮਹੀਨਿਆਂ ਬਾਅਦ ਅੱਜ ਹਸੀਨਾ ਦੀ ਗੈਰਹਾਜ਼ਰੀ 'ਚ ਮੁਕੱਦਮੇ ਦੀ ਸ਼ੁਰੂਆਤ ਕੀਤੀ ਗਈ | 3 ਜੱਜਾਂ ਦੀ ਆਈ.ਸੀ.ਟੀ. ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ | ਟਿ੍ਬਿਊਨਲ ਨੇ ਇੱਕੋ ਸਮੇਂ ਹਸੀਨਾ ਅਤੇ ਤਤਕਾਲੀ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਵਿਰੁੱਧ ਇਕ ਨਵਾਂ ਗਿ੍ਫ਼ਤਾਰੀ ਵਾਰੰਟ ਜਾਰੀ ਕੀਤਾ | ਤੀਜਾ ਦੋਸ਼ੀ, ਤਤਕਾਲੀ ਪੁਲਿਸ ਇੰਸਪੈਕਟਰ ਜਨਰਲ ਚੌਧਰੀ ਅਬਦੁੱਲਾ ਅਲ-ਮਾਮੂਨ ਵਿਅਕਤੀਗਤ ਤੌਰ 'ਤੇ ਮੁਕੱਦਮਾ ਚਲਾਉਣ ਲਈ ਹਿਰਾਸਤ 'ਚ ਹੈ |