ਲਖਨਊ, 1 ਜੂਨ (ਪੀ.ਟੀ.ਆਈ.)-ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਪੁੱਤਰ ਯੂ.ਪੀ ਵਿਧਾਇਕ ਅੱਬਾਸ ਅੰਸਾਰੀ ਨੂੰ ਨਫ਼ਰਤ ਭਰੇ ਭਾਸ਼ਨ ਦੇ ਮਾਮਲੇ 'ਚ 2 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ | ਅਧਿਕਾਰਤ ਸੂਤਰਾਂ ਨੇ ਦੱਸਿਆ ਅੱਬਾਸ ਅੰਸਾਰੀ 2022 'ਚ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਅਧੀਨ ਐਸ.ਬੀ.ਐਸ.ਪੀ. ਦੀ ਟਿਕਟ 'ਤੇ ਮਊ ਸਦਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ | ਸੂਤਰਾਂ ਨੇ ਦੱਸਿਆ ਕਿ ਸੀਟ ਨੂੰ ਹੁਣ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਹੈ | ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸ.ਬੀ.ਐਸ.ਪੀ.) ਦੇ ਵਿਧਾਇਕ ਨੂੰ ਬੀਤੇ ਦਿਨ 2022 ਦੀਆਂ ਚੋਣਾਂ ਦੇ ਨਫ਼ਰਤ ਭਰੇ ਭਾਸ਼ਨ ਦੇ ਮਾਮਲੇ 'ਚ ਇਕ ਵਿਸ਼ੇਸ਼ ਐਮ.ਪੀ.-ਐਮ.ਐਲ.ਏ. ਅਦਾਲਤ ਨੇ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ | ਹਾਲਾਂਕਿ ਉਥੋਂ ਉਸ ਨੂੰ ਤੁਰੰਤ ਜ਼ਮਾਨਤ ਵੀ ਮਿਲ ਗਈ ਸੀ |