ਨਵੀਂ ਦਿੱਲੀ, 1 ਜੂਨ (ਪੀ. ਟੀ. ਆਈ.)-ਕਾਂਗਰਸ ਨੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਜਨਰਲ ਅਨਿਲ ਚੌਹਾਨ ਵਲੋਂ 'ਆਪ੍ਰੇਸ਼ਨ ਸੰਧੂਰ' ਸੰਬੰਧੀ ਕੀਤੇ ਖੁਲਾਸਿਆਂ ਦੇ ਮੱਦੇਨਜ਼ਰ ਫ਼ੌਜੀ ਅਤੇ ਵਿਦੇਸ਼ ਨੀਤੀ ਰਣਨੀਤੀ 'ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਉਣ ਦੀ ਮੰਗ ਕੀਤੀ ਹੈ | ਕਾਂਗਰਸ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੀਆਂ ਪਾਰਟੀਆਂ ਅਤੇ ਦੇਸ਼ ਨੂੰ ਵਿਸ਼ਵਾਸ 'ਚ ਲਵੇ ਅਤੇ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਭਾਰਤ ਦੀ ਰੱਖਿਆ ਤਿਆਰੀ ਅਤੇ ਰਣਨੀਤੀ 'ਤੇ ਚਰਚਾ ਕਰੇ | ਕਾਂਗਰਸ ਦੇ ਜਨਰਲ ਸਕੱਤਰ, ਸੰਚਾਰ, ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਨੂੰ ਸਿੰਗਾਪੁਰ 'ਚ ਜਨਰਲ ਚੌਹਾਨ ਵਲੋਂ ਦਿੱਤੀ ਗਈ ਜਾਣਕਾਰੀ ਸੰਬੰਧੀ ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ | ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਸਿੰਗਾਪੁਰ ਵਿਚ 'ਆਪ੍ਰੇਸ਼ਨ ਸੰਧੂਰ' ਬਾਰੇ ਕੁਝ ਮਹੱਤਵਪੂਰਨ ਬਿਆਨ ਦਿੱਤੇ ਹਨ | ਬਿਹਤਰ ਹੁੰਦਾ ਜੇਕਰ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਪਹਿਲਾਂ ਇਕ ਸਰਬ-ਪਾਰਟੀ ਮੀਟਿੰਗ 'ਚ ਵਿਰੋਧੀ ਆਗੂਆਂ ਨੂੰ ਜਾਣਕਾਰੀ ਦਿੰਦੇ | ਸਿੰਗਾਪੁਰ 'ਚ ਜਨਰਲ ਚੌਹਾਨ ਨੇ ਕਿਹਾ ਕਿ ਭਾਰਤ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਪਾਕਿਸਤਾਨ ਨਾਲ ਹਾਲ ਹੀ 'ਚ ਹੋਈਆਂ ਫ਼ੌਜੀ ਝੜਪਾਂ 'ਚ ਜਹਾਜ਼ਾਂ ਦੇ ਨੁਕਸਾਨ ਤੋਂ ਬਾਅਦ ਆਪਣੀ ਰਣਨੀਤੀ ਨੂੰ ਸੁਧਾਰਿਆ ਅਤੇ ਪਾਕਿਸਤਾਨੀ 'ਚ ਅੰਦਰ ਤੱਕ ਸਟੀਕ ਹਮਲੇ ਕੀਤੇ | ਉਨ੍ਹਾਂ ਨੇ ਛੇ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਬਿਲਕੁਲ ਗਲਤ ਕਰਾਰ ਦਿੱਤਾ |