ਨਵੀਂ ਦਿੱਲੀ, 1 ਨਵੰਬਰ (ਉਪਮਾ ਡਾਗਾ ਪਾਰਥ)-ਪੰਜਾਬੀ ਸਾਹਿਤ ਸਭਾ ਦੇ ਮਰਹੂਮ ਚੇਅਰਮੈਨ ਅਤੇ ਪੰਜਾਬੀ ਭਵਨ ਦੇ ਸੰਸਥਾਪਕ ਭਾਪਾ ਪ੍ਰੀਤਮ ਸਿੰਘ ਦੀ ਯਾਦ 'ਚ ਕਰਵਾਇਆ 20ਵਾਂ ਯਾਦਗਾਰੀ ਭਾਸ਼ਨ 'ਪੰਜਾਬੀ ਅਦਬ ਨੂੰ ਉਨ੍ਹਾਂ ਦੀ ਦੇਣ' 'ਤੇ ਕੇਂਦਿ੍ਤ ਰਿਹਾ | ਜਿਸ 'ਚ ਉੱਘੇ ਕਹਾਣੀਕਾਰ ਸੁਕੀਰਤ ਨੇ ਉਨ੍ਹਾਂ ਦੇ ਨਾਲ ਆਪਣੇ ਨਿੱਜੀ ਰਾਬਤੇ ਨੂੰ ਸ਼ਬਦਾਂ ਦੀ ਲੜੀ 'ਚ ਪਰੋਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਪੰਜਾਬੀ ਸਾਹਿਤ ਸਭਾ ਵਲੋਂ ਹਰ ਸਾਲ ਕਰਵਾਏ ਜਾਂਦੇ ਯਾਦਗਾਰੀ ਭਾਸ਼ਨਾਂ ਦੀ ਲੜੀ 'ਚ ਇਹ ਪਹਿਲੀ ਵਾਰ ਸੀ, ਜਦੋਂ ਭਾਸ਼ਨ ਦਾ ਵਿਸ਼ਾ ਉਹ ਆਪ ਭਾਵ 'ਜ਼ਿੰਦਗੀ ਦਾ ਸ਼ਾਹ-ਸਵਾਰ : ਭਾਪਾ ਪ੍ਰੀਤਮ ਸਿੰਘ' ਸਨ | ਸੁਕੀਰਤ ਨੇ ਇਹ ਵਿਸ਼ਾ ਚੁਣਨ ਦੇ ਦੋ ਕਾਰਨ ਦੱਸਦਿਆਂ ਕਿਹਾ ਕਿ ਪਹਿਲਾਂ ਨੌਜਵਾਨ ਪੀੜੀ ਨੂੰ ਭਾਪਾ ਪ੍ਰੀਤਮ ਸਿੰਘ ਨੂੰ ਨੇੜਿਉਂ ਹੋ ਕੇ ਜਾਨਣ ਦਾ ਮੌਕਾ ਮਿਲੇਗਾ | ਦੂਜਾ ਸਮੇਂ ਦੇ ਨਾਲ ਮੱਠੇ ਪੈ ਰਹੇ ਚੇਤਿਆਂ ਦੀ ਚਮਕ ਮੁੜ ਭਖ ਸਕੇ | ਪ੍ਰੋਗਰਾਮ ਦੀ ਪ੍ਰਧਾਨਗੀ ਮੰਗੋਲੀਆ 'ਚ ਭਾਰਤ ਦੇ ਸਾਬਕਾ ਰਾਜਦੂਤ ਐਮ.ਪੀ. ਸਿੰਘ ਨੇ ਕੀਤੀ | ਉਨ੍ਹਾਂ ਨਾਲ ਮੰਚ 'ਤੇ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ, ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਅਤੇ ਸੁਕੀਰਤ ਸ਼ਾਮਿਲ ਸਨ | ਭਾਪਾ ਪ੍ਰੀਤਮ ਸਿੰਘ ਦੀ ਤੀਜੀ ਅਤੇ ਸਭ ਤੋਂ ਛੋਟੀ ਬੇਟੀ ਆਸ਼ਮਾ ਦੇ ਛੋਟੀ ਉਮਰੇ ਦੁਨੀਆ ਨੂੰ ਅਲਵਿਦਾ ਕਹਿਣ ਦਾ ਜ਼ਿਕਰ ਆਉਣ 'ਤੇ ਸਾਰੇ ਭਾਵੁਕ ਨਜ਼ਰ ਆਏ | ਸੁਕੀਰਤ ਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲ ਭਾਪਾ ਪ੍ਰੀਤਮ ਸਿੰਘ ਦੀ ਨੇੜਤਾ, ਉਨ੍ਹਾਂ ਦੇ ਪ੍ਰਕਾਸ਼ਨ ਸੰਬੰਧੀ ਸਿਧਾਂਤ ਅਤੇ ਅਦਬੀ ਬੈਠਕਾਂ ਬਾਰੇ ਤਵਸੀਲੀ ਚਰਚਾ ਕੀਤੀ | ਐਮ.ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਪ੍ਰਕਾਸ਼ਨ ਇੰਡਸਟਰੀ ਨੂੰ ਜਿਹੋ ਜਿਹੀ ਦੇਣ ਭਾਪਾ ਪ੍ਰੀਤਮ ਸਿੰਘ ਨੇ ਦਿੱਤੀ ਹੈ, ਉਸ ਦੀ ਮਿਸਾਲ ਮਿਲਣਾ ਸੰਭਵ ਨਹੀਂ ਹੈ | ਪ੍ਰੋਗਰਾਮ ਦੇ ਸ਼ੁਰੂ 'ਚ ਭਾਪਾ ਪ੍ਰੀਤਮ ਸਿੰਘ ਦੀ ਪੁੱਤਰੀ ਡਾ. ਰੇਣੁਕਾ ਸਿੰਘ ਨੇ ਹਾਜ਼ਰ ਸਾਹਿਤਕਾਰਾਂ ਤੇ ਸਰੋਤਿਆਂ ਦਾ ਸਵਾਗਤ ਕੀਤਾ | ਗੁਲਜ਼ਾਰ ਸਿੰਘ ਸੰਧੂ ਨੇ ਭਾਪਾ ਪ੍ਰੀਤਮ ਸਿੰਘ ਨਾਲ ਆਪਣੀਆਂ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ | ਪ੍ਰੋਗਰਾਮ 'ਚ ਹੋਰਾਂ ਸਮੇਤ ਪ੍ਰੋ. ਰਵੇਲ ਸਿੰਘ, ਪ੍ਰੋ. ਮਨਜੀਤ ਸਿੰਘ ਆਦਿ ਹਾਜ਼ਰ ਸਨ |