ਦੇਹਰਾਦੂਨ, 6 ਦਸੰਬਰ (ਯੂ. ਐਨ. ਆਈ.)-ਸਿੱਖ ਭਾਈਚਾਰੇ ਦੇ ਮੈਂਬਰਾਂ ਵਲੋਂ ਉੱਤਰਾਖੰਡ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵਿਰੁੱਧ ਕਥਿਤ ਤੌਰ 'ਤੇ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਹਾਲਾਂਕਿ, ਰਾਵਤ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ | ਰਾਵਤ ਨੇ ਕਥਿਤ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਉਹ ਸ਼ੁੱਕਰਵਾਰ ਨੂੰ ਪਿਛਲੇ 26 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੂੰ ਸਮਰਥਨ ਦੇਣ ਗਏ ਸਨ | ਹਰਕ ਸਿੰਘ ਰਾਵਤ ਅਚਾਨਕ ਸ਼ੁੱਕਰਵਾਰ ਨੂੰ ਹਰਿਦੁਆਰ ਰੋਡ 'ਤੇ ਵਕੀਲਾਂ ਦੇ ਵਿਰੋਧ ਸਥਾਨ 'ਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਪਹੁੰਚੇ ਸਨ | ਜਿਵੇਂ ਹੀ ਰਾਵਤ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ, ਇਕ ਸਿੱਖ ਵਕੀਲ ਕੁਝ ਕਹਿਣ ਲਈ ਖੜ੍ਹਾ ਹੋਇਆ ਤਾਂ ਕਾਂਗਰਸੀ ਆਗੂ ਨੇ ਉਸ ਨੂੰ ਬੈਠਣ ਲਈ ਕਹਿੰਦਿਆਂ ਕਿਹਾ ਕਿ 'ਦੁਪਹਿਰ ਦੇ 12 ਵੱਜ ਗਏ ਹਨ' | ਹਾਲਾਂਕਿ, ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਰਾਵਤ ਨੇ ਤੁਰੰਤ ਵਕੀਲ ਤੋਂ ਮੁਆਫ਼ੀ ਮੰਗੀ | ਇਸ ਤੋਂ ਬਾਅਦ ਰਾਵਤ ਨੂੰ ਵਿਰੋਧ ਸਥਾਨ ਛੱਡਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਵਕੀਲਾਂ ਨੇ ਉਨ੍ਹਾਂ ਦੀ ਟਿੱਪਣੀ 'ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖ ਭਾਈਚਾਰੇ ਦਾ ਅਪਮਾਨ ਕਰਾਰ ਦਿੱਤਾ |