ਨਵੀਂ ਦਿੱਲੀ, 7 ਦਸੰਬਰ (ਪੀ. ਟੀ. ਆਈ.)-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਇਕ ਬਿੱਲ ਪੇਸ਼ ਕੀਤਾ ਹੈ, ਜੋ ਸੰਸਦ ਮੈਂਬਰਾਂ ਨੂੰ 'ਵਿਪ੍ਹ ਅੱਤਿਆਚਾਰ' ਤੋਂ ਮੁਕਤ ਕਰਨ ਅਤੇ ਚੰਗੇ ਕਾਨੂੰਨ ਬਣਾਉਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਬਿੱਲਾਂ ਅਤੇ ਪ੍ਰਸਤਾਵਾਂ ਤੋਂ ਇਲਾਵਾ ਹੋਰ ਬਿੱਲਾਂ ਅਤੇ ਪ੍ਰਸਤਾਵਾਂ 'ਤੇ ਵੋਟਿੰਗ 'ਚ ਸੁਤੰਤਰ ਲਾਈਨ ਲੈਣ ਦੀ ਆਗਿਆ ਦੇਣ ਦੀ ਮੰਗ ਕਰਦਾ ਹੈ | ਮਨੀਸ਼ ਤਿਵਾੜੀ, ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਦਲ-ਬਦਲੀ ਵਿਰੋਧੀ ਕਾਨੂੰਨ 'ਚ ਸੋਧ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਸੀ, ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸਤਾਵਿਤ ਕਾਨੂੰਨ ਇਸ ਗੱਲ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਲੋਕਤੰਤਰ 'ਚ ਕਿਸਦੀ ਪ੍ਰਮੁੱਖਤਾ ਹੈ, ਉਹ ਵੋਟਰ ਜੋ ਆਪਣੇ ਪ੍ਰਤੀਨਿਧੀ ਨੂੰ ਚੁਣਨ ਲਈ ਘੰਟਿਆਂਬੱਧੀ ਧੁੱਪ 'ਚ ਖੜ੍ਹਾ ਰਹਿੰਦਾ ਹੈ ਜਾਂ ਰਾਜਨੀਤਿਕ ਪਾਰਟੀ, ਜਿਸ ਦੇ ਵਿਪ੍ਹ ਦੇ ਤਹਿਤ ਉਹ ਮੈਂਬਰ ਉਸ ਦਾ ਪ੍ਰਤੀਨਿਧਤਵ ਕਰਦਾ ਹੈ | 2010 ਅਤੇ 2021 ਤੋਂ ਬਾਅਦ ਤਿਵਾੜੀ ਵਲੋਂ ਤੀਜੀ ਵਾਰ ਲੋਕ ਸਭਾ 'ਚ ਪੇਸ਼ ਕੀਤਾ ਗਿਆ ਇਹ ਬਿੱਲ ਸੰਸਦ ਮੈਂਬਰਾਂ ਨੂੰ ਵਿਸ਼ਵਾਸ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਮੁਲਤਵੀ ਪ੍ਰਸਤਾਵ, ਪੈਸੇ ਦੇ ਬਿੱਲਾਂ ਤੇ ਵਿੱਤੀ ਮਾਮਲਿਆਂ ਤੋਂ ਇਲਾਵਾ ਹੋਰ ਬਿੱਲਾਂ ਅਤੇ ਪ੍ਰਸਤਾਵਾਂ 'ਤੇ ਵੋਟਿੰਗ 'ਚ ਇਕ ਸੁਤੰਤਰ ਲਾਈਨ 'ਤੇ ਚੱਲਣ ਦੀ ਆਜ਼ਾਦੀ ਦੇਣ ਦੀ ਕੋਸ਼ਿਸ਼ ਕਰਦਾ ਹੈ, ਜੋ ਸਰਕਾਰ ਦੀ ਸਥਿਰਤਾ ਨੂੰ ਪ੍ਰਭਾਵਤ ਕਰ ਸਕਦੇ ਹਨ |