ਜੰਡਿਆਲਾ ਗੁਰੂ (ਅੰਮਿ੍ਤਸਰ), 24 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰੰਘ ਕਲੇਰ)-ਸੋਮਵਾਰ ਤੋਂ ਲਾਪਤਾ ਹੋਏ ਕੈਪੀਟਲ ਬੈਂਕ ਜੰਡਿਆਲਾ ਗੁਰੂ ਦੇ ਸਹਾਇਕ ਮੈਨੇਜਰ ਰੌਬਨਦੀਪ ਸਿੰਘ (37) ਦੀ ਕਰਤਾਰਪੁਰ ਨੇੜੇ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਰੋਬਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਜੀਤੂ ਭਲਵਾਨ ਵਾਸੀ ਮਾਡਲ ਟਾਊਨ, ਜੀ.ਟੀ. ਰੋਡ ਜੰਡਿਆਲਾ ਗੁਰੂ ਬੀਤੇ ਸੋਮਵਾਰ ਨੂੰ ਸਵੇਰੇ ਬੈਂਕ ਅਤੇ ਆਪਣੇ ਕੰਮ 'ਤੇ ਕਿਤੇ ਗਿਆ ਸੀ ਅਤੇ ਸ਼ਾਮ ਤੱਕ ਘਰ ਵਾਪਸ ਨਾ ਮੁੜਿਆ | ਉਸ ਦਾ ਮੋਬਾਈਲ ਫੋਨ ਬੰਦ ਪਾਇਆ ਗਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਬੈਂਕ ਦੇ ਮੁਲਾਜ਼ਮਾਂ ਵਲੋਂ ਉਸ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਾ ਲੱਗਾ | ਮੰਗਲਵਾਰ ਨੂੰ ਪੁਲਿਸ ਨੂੰ ਜਾਣਕਾਰੀ ਦਿੱਤੇ ਜਾਣ ਉਪਰੰਤ ਫਿਰ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਕਰਤਾਰਪੁਰ ਨੇੜਿਓਾ ਉਸ ਦੀ ਲਾਸ਼ ਕਾਰ 'ਚੋਂ ਬਰਾਮਦ ਹੋਈ ਤੇ ਉਸ ਦੀ ਛਾਤੀ ਵਿਚ ਗੋਲੀ ਵੱਜੀ ਹੋਈ ਸੀ | ਪਰਿਵਾਰਕ ਸੂਤਰਾਂ ਅਨੁਸਾਰ ਰੋਬਨਦੀਪ ਸਿੰਘ ਨੇ ਕਿਸੇ ਕੋਲੋਂ ਪੈਸੇ ਵੀ ਲੈਣੇ ਸਨ ਅਤੇ ਖਦਸ਼ਾ ਪ੍ਰਗਟ ਕੀਤਾ ਕਿ ਇਸ ਵਾਰਦਾਤ ਨੂੰ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ ਅਤੇ ਰੋਬਨਦੀਪ ਸਿੰਘ ਦਾ ਲਾਇਸੈਂਸੀ ਪਿਸਟਲ, ਉਸ ਦਾ ਪਰਸ ਅਤੇ ਇਕ ਮੋਬਾਈਲ ਵੀ ਗਾਇਬ ਪਾਇਆ ਗਿਆ ਹੈ | ਜਾਣਕਾਰੀ ਅਨੁਸਾਰ ਰੌਬਨਦੀਪ ਸਿੰਘ ਦੀ ਭੂਆ ਦੀ ਬੇਟੀ ਦੇ ਵਿਆਹ ਦੇ ਸੰਬੰਧ ਵਿਚ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ ਅਤੇ ਉਸ ਦਾ ਵੱਡਾ ਭਰਾ ਅਤੇ ਹੋਰ ਰਿਸ਼ਤੇਦਾਰ ਵਿਦੇਸ਼ਾਂ ਤੋਂ ਵਿਆਹ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋਣ ਲਈ ਆ ਰਹੇ ਸਨ | ਜਦੋਂ ਹੱਤਿਆ ਦੀ ਸੂਚਨਾ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਖੁਸ਼ੀਆਂ ਦਾ ਮਾਹੌਲ ਗਮੀਆਂ 'ਚ ਬਦਲ ਗਿਆ | ਰੌਬਨਦੀਪ ਸਿੰਘ ਆਪਣੇ ਪਿਛੇ ਮਾਤਾ ਪਿਤਾ ਅਤੇ ਭਰਾ ਤੋਂ ਇਲਾਵਾ ਪਤਨੀ ਅਤੇ ਦੋ ਬੇਟੀਆਂ ਛੱਡ ਗਿਆ ਹੈ | ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ |