ਚੰਡੀਗੜ੍ਹ, 29 ਦਸੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਅਕਾਲੀ ਦਲ ਵਿਚਲੇ ਆਕਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਨੂੰ ਆਪਣੇ ਕੁਕਰਮਾਂ ਵਿਰੁੱਧ ਕਾਰਵਾਈ ਤੋਂ ਬਚਣ ਲਈ ਢਾਲ ਵਜੋਂ ਵਰਤ ਰਹੇ ਹਨ | ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਅਤੇ ਸਿੱਖ ਭਾਈਚਾਰਾ ਡੂੰਘੇ ਸਦਮੇ 'ਚ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਦੇ ਮਾਮਲੇ 'ਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਥਕ ਸੰਗਠਨਾਂ ਅਤੇ ਸੰਤ ਸਮਾਜ ਨੇ ਲੰਬੇ ਸਮੇਂ ਤੋਂ ਇਸ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਮਕਸਦ ਲਈ ਸੂਬਾ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਤਹਿਤ ਸੂਬਾ ਸਰਕਾਰ ਨੇ ਇਸ ਸੰਬੰਧੀ ਐਫ. ਆਈ. ਆਰ. ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਹੈ | ਉਨ੍ਹਾਂ ਕਿਹਾ ਕਿ ਐਫ.ਆਈ.ਆਰ. ਤੋਂ ਤੁਰੰਤ ਬਾਅਦ ਆਪਣੇ ਆਕਾਵਾਂ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਧਾਰਮਿਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਲਈ ਸੂਬਾ ਸਰਕਾਰ ਵਿਰੁੱਧ ਜ਼ਹਿਰ ਉਗਲਦੇ ਹੋਏ ਦੋਸ਼ਾਂ ਦਾ ਖੰਡਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਖੀ ਨੇ ਮੰਨਿਆ ਹੈ ਕਿ ਸ਼੍ਰੋਮਣੀ ਕਮੇਟੀ 'ਚ ਰੋਜ਼ਾਨਾ 10-12 ਘੁਟਾਲੇ ਹੁੰਦੇ ਹਨ, ਜੋ ਦਰਸਾਉਂਦੇ ਹਨ ਕਿ ਸ਼ਰਧਾਲੂਆਂ ਦੁਆਰਾ ਚੜ੍ਹਾਏ ਗਏ ਗੋਲਕ ਦੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ | ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ 2020 ਦੌਰਾਨ ਆਪਣੀ ਮੀਟਿੰਗ 'ਚ ਕਮੇਟੀ ਦੇ ਦੋਸ਼ੀ ਕਰਮਚਾਰੀਆਂ ਅਤੇ ਪ੍ਰਕਾਸ਼ਕਾਂ ਵਿਰੁੱਧ ਇਸੇ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਸੀ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਈ ਬੇਨਿਯਮੀਆਂ ਦੇ ਬਾਵਜੂਦ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਖੁਦ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਵਰਗੇ ਧਨਾਢਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਨ ਲਈ ਮਤਾ ਪਾਸ ਕੀਤਾ ਸੀ | ਉਨ੍ਹਾਂ ਕਿਹਾ ਕਿ ਐਸ.ਐਸ. ਕੋਹਲੀ ਐਂਡ ਐਸੋਸੀਏਟਸ (ਚਾਰਟਰਡ ਅਕਾਊਾਟੈਂਟ ਫਰਮ) ਨਾਲ ਸਾਰੀਆਂ ਸੇਵਾਵਾਂ ਖਤਮ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਸੀ ਅਤੇ ਜ਼ਿੰਮੇਵਾਰੀ 'ਚ ਅਸਫਲ ਰਹਿਣ ਕਾਰਨ ਕੀਤੇ ਗਏ 75 ਫ਼ੀਸਦੀ ਭੁਗਤਾਨ ਦੀ ਵਸੂਲੀ ਨੂੰ ਪ੍ਰਵਾਨਗੀ ਵੀ ਦਿੱਤੀ ਗਈ ਸੀ | ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਕੋਹਲੀ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਸੀ.ਏ. ਵਜੋਂ ਵੀ ਸੇਵਾਵਾਂ ਨਿਭਾਅ ਰਿਹਾ ਸੀ, ਇਸ ਲਈ ਕਾਰਵਾਈ ਅਜੇ ਵੀ ਲਟਕ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਦਾਅਵਾ ਕਰਦੀ ਹੈ ਕਿ ਸੂਬਾ ਸਰਕਾਰ ਪੰਥ ਦੇ ਮਾਮਲਿਆਂ 'ਚ ਦਖ਼ਲ ਦੇ ਰਹੀ ਹੈ, ਜੋ ਕਿ ਸੱਚ ਨਹੀਂ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਦੋਸ਼ੀਆਂ ਵਿਰੁੱਧ ਅਪਰਾਧਿਕ ਕਾਰਵਾਈ ਲਈ ਮਤਾ ਪਾਸ ਕੀਤਾ ਹੈ, ਜਿਸ ਲਈ ਸੂਬਾ ਸਰਕਾਰ ਹੀ ਕਾਰਵਾਈ ਕਰ ਸਕਦੀ ਹੈ |
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ 'ਤੇ ਆਪਣਾ ਏਕਾਧਿਕਾਰ ਸਥਾਪਿਤ ਕਰਨ ਮੌਕੇ ਤਾਂ ਸ਼ੋ੍ਰਮਣੀ ਕਮੇਟੀ ਨੇ ਸਰਕਾਰ ਤੋਂ ਕਾਨੂੰਨ ਪਾਸ ਕਰਵਾਇਆ, ਉਸ ਮੌਕੇ ਕੋਈ ਸਰਕਾਰੀ ਦਖ਼ਲ ਨਹੀਂ ਸੀ, ਪਰ ਹੁਣ ਸਰਕਾਰ ਦੀ ਜਾਂਚ ਦਾ ਵੀ ਵਿਰੋਧ ਹੋ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ 1920 'ਚ ਜੋ ਸ਼ੇਰਾਂ ਦੀ ਜਮਾਤ ਸੀ ਉਸ ਦੇ ਆਗੂ ਸੰਸਦ ਦੇ ਗੇਟ 'ਤੇ ਕਿਸਾਨੀ ਕਾਨੂੰਨ ਵਾਪਸ ਲੈਣ ਦੀਆਂ ਤਖ਼ਤੀਆਂ ਨੂੰ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੇਖ ਕੇ ਲੁਕਾ ਲੈਂਦੇ ਹਨ | ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਮਤੇ ਪੜ੍ਹ ਕੇ ਵੀ ਸੁਣਾਏ, ਜਿਨ੍ਹਾਂ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਾਂਚ ਦੇ ਕੰਮ ਲਈ ਮਿਲਵਰਤਨ ਦੇਵੇ ਤਾਂ ਜੋ ਸੱਚ ਸਾਹਮਣੇ ਆ ਸਕੇ | ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਗਰੀਬ ਸਿੱਖਾਂ ਨੂੰ ਮੈਡੀਕਲ ਦੀ ਸਿੱਖਿਆ ਦੇਣ ਲਈ ਬਣਾਇਆ ਗਿਆ ਸੀ, ਪਰ ਅੱਜ ਉਹ ਸਭ ਤੋਂ ਮਹਿੰਗਾ ਕਾਲਜ ਹੈ ਤੇ ਉਸ 'ਚ ਦਾਖ਼ਲਾ ਵੀ ਦਲ ਦੇ ਪ੍ਰਧਾਨ ਦੀ ਸਿਫ਼ਾਰਸ਼ ਨਾਲ ਮਿਲਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਵੀ ਕੁਝ ਲੋਕਾਂ ਦੀਆਂ ਨਿੱਜੀ ਜਾਇਦਾਦ ਬਣ ਗਈਆਂ ਹਨ, ਜਿਥੇ ਕਿਸੇ ਆਮ ਆਦਮੀ ਨੂੰ ਕਮਰਾ ਨਹੀਂ ਮਿਲਦਾ | ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਜਿਨ੍ਹਾਂ ਦੋ ਮੰਤਰੀਆਂ ਨੂੰ ਸੱਦਿਆ ਗਿਆ ਹੈ, ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ | ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਮਹਾਨ ਸਿੱਖ ਗੁਰੂਆਂ ਦਾ ਕਾਰਟੂਨ ਪੋਸਟ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਸੂਬੇ ਦੀਆਂ ਚੋਣਾਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਕਾਲੀ ਆਗੂ ਸਿਰਫ ਕੁਰਸੀ ਹਥਿਆਉਣਾ ਚਾਹੁੰਦੇ ਹਨ ਅਤੇ ਸੂਬੇ ਤੇ ਲੋਕਾਂ ਦੇ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ | ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ, ਐਸ.ਵਾਈ.ਐਲ., ਕਾਲੇ ਕਾਨੂੰਨਾਂ ਤੇ ਹੋਰ ਰਾਜ ਵਿਰੋਧੀ ਫ਼ੈਸਲਿਆਂ ਨੂੰ ਸਿਰਫ ਆਪਣੇ ਪਰਿਵਾਰ ਨੂੰ ਲਾਭ ਪਹੁੰਚਾਉਣ ਲਈ ਸਹਿਮਤੀ ਦਿੱਤੀ |
328 ਲਾਪਤਾ ਸਰੂਪਾਂ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਹੋਣ 'ਤੇ ਸੰਗਤ ਨਾਰਾਜ਼-ਮੁੱਖ ਮੰਤਰੀ <br/>
ਅਜੀਤ ਡੈਸਕ
30-12-2025