ਚੰਡੀਗੜ੍ਹ, 29 ਦਸੰਬਰ (ਪੀ.ਟੀ.ਆਈ.)-ਪੰਜਾਬ-ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ 'ਚ ਕੜਾਕੇ ਠੰਢ ਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ | ਠੰਢ ਤੋਂ ਰਾਹਤ ਪਾਉਣ ਲਈ ਲੋਕ ਵੱਖ-ਵੱਖ ਥਾਵਾਂ 'ਤੇ ਅੱਗ ਸੇਕਦੇ ਨਜ਼ਰ ਆ ਰਹੇ ਹਨ | ਲਗਾਤਾਰ ਠੰਢ ਕਾਰਨ ਲੋਕ ਦੂਰ-ਦੁਰਾਡੇ ਥਾਵਾਂ ਤੋਂ ਆਪਣੇ ਕੰਮ ਜਲਦੀ ਨਿਪਟਾ ਘਰਾਂ ਨੂੰ ਪਰਤ ਰਹੇ ਹਨ | ਇਸ ਦੇ ਨਾਲ ਹੀ ਮੁੱਖ ਸੜਕਾਂ 'ਤੇ ਘੱਟ ਦਿ੍ਸ਼ਟੀ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਰਹੀ ਹੈ ਅਤੇ ਅੱਜ ਵੀ ਸ਼ਹਿਰ ਤੋਂ ਲੈ ਕੇ ਆਲੇ-ਦੁਆਲੇ ਦੇ ਪੇਂਡੂ ਇਲਾਕੇ ਧੁੰਦ ਦੀ ਚਿੱਟੀ ਚਾਦਰ ਦੀ ਲਪੇਟ 'ਚ ਰਹੇ | ਮੌਸਮ ਵਿਭਾਗ ਦੇ ਅਨੁਸਾਰ ਪੰਜਾਬ 'ਚ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਬੱਲੋਵਾਲ ਸੌਂਖੜੀ ਪੰਜਾਬ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਅੰਮਿ੍ਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਮੋਹਾਲੀ ਸਮੇਤ ਕਈ ਇਲਾਕਿਆਂ 'ਚ ਸੰਘਣੀ ਧੁੰਦ ਦੇਖੀ ਗਈ | ਮÏਸਮ ਵਿਭਾਗ ਨੇ ਕਿਹਾ ਕਿ ਅੰਮਿ੍ਤਸਰ 'ਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੁਧਿਆਣਾ 'ਚ 5.6 ਡਿਗਰੀ, ਪਟਿਆਲਾ 'ਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ | ਇਸ 'ਚ ਅੱਗੇ ਕਿਹਾ ਗਿਆ ਕਿ ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ 'ਚ ਘੱਟੋ-ਘੱਟ ਤਾਪਮਾਨ 4.2, 4.9 ਤੇ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮÏਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਦਿ੍ਸ਼ਟੀ 50 ਮੀਟਰ ਤੋਂ ਵੀ ਘੱਟ ਸੀ | ਉਨ੍ਹਾਂ ਦੱਸਿਆ ਕਿ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ | ਇਸੇ ਤਰਾਂ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ 2.1 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ | ਹਰਿਆਣਾ ਦੇ ਅੰਬਾਲਾ 'ਚ ਘੱਟੋ-ਘੱਟ ਤਾਪਮਾਨ 8 ਡਿਗਰੀ, ਕਰਨਾਲ 'ਚ 8.6 ਡਿਗਰੀ, ਨਾਰਨÏਲ 'ਚ 4 ਡਿਗਰੀ, ਰੋਹਤਕ 'ਚ ਤਾਪਮਾਨ 7.2 ਡਿਗਰੀ ਅਤੇ ਭਿਵਾਨੀ 'ਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਦਿੱਲੀ 'ਚ ਹਵਾ ਦੀ ਗੁਣਵੱਤਾ ਗੰਭੀਰ
ਨਵੀਂ ਦਿੱਲੀ, 29 ਦਸੰਬਰ (ਪੀ.ਟੀ.ਆਈ.)-ਦਿੱਲੀ ਧੂੰਏਾ ਦੀ ਸੰਘਣੀ ਚਾਦਰ ਕਾਰਨ ਅÏਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 402 'ਤੇ 'ਗੰਭੀਰ' ਸ਼੍ਰੇਣੀ 'ਚ ਆ ਗਿਆ ਹੈ | 22 ਸਟੇਸ਼ਨਾਂ 'ਤੇ ਹਵਾ ਦੀ ਗੁਣਵੱਤਾ 'ਗੰਭੀਰ', 14 'ਤੇ 'ਬਹੁਤ ਮਾੜੀ' ਤੇ ਇਕ ਸਟੇਸ਼ਨ 'ਤੇ ਮਾੜੀ ਦਰਜ ਕੀਤੀ ਗਈ | ਜਦੋਂ ਕਿ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ 'ਚ ਏ.ਕਿਊ.ਆਈ. 456 ਦਰਜ ਕੀਤਾ ਗਿਆ, ਜੋ ਕਿ ਸਾਰੇ ਸਟੇਸ਼ਨਾਂ 'ਚੋਂ ਸਭ ਤੋਂ ਵੱਧ ਹੈ, ਬਾਕੀ ਤਿੰਨ ਸਟੇਸ਼ਨਾਂ ਲਈ ਡੇਟਾ ਉਪਲਬਧ ਨਹੀਂ ਸੀ | ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਅਗਲੇ ਤਿੰਨ ਦਿਨਾਂ ਲਈ 'ਬਹੁਤ ਮਾੜੀ' ਸ਼੍ਰੇਣੀ 'ਚ ਰਹਿਣ ਦੀ ਸੰਭਾਵਨਾ ਹੈ | ਰਾਸ਼ਟਰੀ ਰਾਜਧਾਨੀ 'ਚ ਵੱਧ ਤੋਂ ਵੱਧ 22- 24 ਡਿਗਰੀ ਸੈਲਸੀਅਸ, ਜਦ ਕਿ ਘੱਟੋ-ਘੱਟ 7-9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ |
31 ਦਸੰਬਰ ਤੇ 1 ਜਨਵਰੀ ਨੂੰ ਮੀਂਹ ਦੀ ਸੰਭਾਵਨਾ
ਅੰਮਿ੍ਤਸਰ, 29 ਦਸੰਬਰ (ਹਰਮਿੰਦਰ ਸਿੰਘ)-ਉੱਤਰੀ ਭਾਰਤ 'ਚ 30 ਦਸੰਬਰ ਤੋਂ 1 ਜਨਵਰੀ ਦੇ ਦੌਰਾਨ ਪੱਛਮੀ ਵਿਗਾੜ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੰਜਾਬ ਤੇ ਹਰਿਆਣਾ ਦੇ ਪੱਛਮੀ ਹਿੱਸਿਆਂ 'ਚ ਹਲਕੀ ਤੋਂ ਮੱਧਮ ਰਫ਼ਤਾਰ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ | ਇਸ ਤੋਂ ਬਾਅਦ ਮੁੱਖ ਤੌਰ 'ਤੇ ਮੌਸਮ ਖੁਸ਼ਕ ਰਹੇਗਾ | ਪਿਛਲੇ 24 ਘੰਟਿਆਂ ਵਿਚ ਪੰਜਾਬ 'ਚ ਨਵਾਂ ਸ਼ਹਿਰ ਸੂਬੇ ਦਾ ਸਭ ਤੋਂ ਠੰਢਾ ਰਿਹਾ, ਜਿਥੇ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | 30 ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ | 31 ਦਸੰਬਰ ਅਤੇ 1 ਜਨਵਰੀ ਦੇ ਦੌਰਾਨ ਬੱਦਲਵਾਈ ਹੋਣ ਨਾਲ ਧੁੰਦ ਦਾ ਫੈਲਾਅ ਘੱਟ ਹੋਣ ਦੀ ਸੰਭਾਵਨਾ ਹੈ |
ਅਗਲੇ ਦਿਨਾਂ 'ਚ ਪੰਜਾਬ ਤੇ ਹਰਿਆਣਾ 'ਚ ਪਵੇਗਾ ਕੋਰਾ
ਚੰਡੀਗੜ੍ਹ, 29 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 30 ਦਸੰਬਰ ਤੱਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕੁਝ ਭਾਗਾਂ 'ਚ ਸੰਘਣਾ ਤੇ ਜ਼ਿਆਦਾ ਸੰਘਣਾ ਕੋਰਾ ਪਵੇਗਾ | ਜਦੋਂ ਕਿ 31 ਦਸੰਬਰ ਅਤੇ 1 ਜਨਵਰੀ ਵਿਚਕਾਰ ਕੋਰੇ ਦੀ ਗਤੀ ਤੇ ਫੈਲਾਅ ਘੱਟ ਰਹੇਗਾ, ਜਿਸ ਨਾਲ ਦੇਖਣ ਦੀ ਸਥਿਤੀ ਸੁਧਰ ਜਾਵੇਗੀ | ਅੱਜ ਕਰੀਬ ਸਾਰਾ ਦਿਨ ਪੰਜਾਬ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ 'ਚ ਰੁਕਾਵਟ ਆਈ | ਲੋਕ ਸੜਕਾਂ ਉਤੇ ਕਾਰਾਂ, ਬੱਸਾਂ, ਟਰੱਕਾਂ ਅਤੇ ਦੋ ਪਹੀਆਂ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਅਤੇ ਘੱਟ ਗਤੀ ਨਾਲ ਆਪੋ-ਆਪਣੀਆਂ ਮੰਜ਼ਿਲਾਂ ਵੱਲ ਜਾਂਦੇ ਦੇਖੇ ਗਏ |
ਪੰਜਾਬ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੀ ਲਪੇਟ 'ਚ <br/>
ਅਜੀਤ ਡੈਸਕ
30-12-2025