ਮਾਸਕੋ, 29 ਦਸੰਬਰ (ਪੀ.ਟੀ.ਆਈ.)-ਰੂਸ ਨੇ ਦਾਅਵਾ ਕੀਤਾ ਕਿ 91 ਲੰਬੀ ਦੂਰੀ ਦੇ ਯੂਕਰੇਨੀ ਡਰੋਨਾਂ ਨੇ ਮਾਸਕੋ ਦੇ ਉੱਤਰ 'ਚ ਨੋਵਗੋਰੋਡ ਖੇਤਰ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਵਾਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਕ ਟੈਲੀਵਿਜ਼ਨ ਬਿਆਨ 'ਚ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਸੋਮਵਾਰ ਦੀ ਵਿਚਕਾਰਲੀ ਰਾਤ ਨੂੰ ਹੋਏ ਡਰੋਨ ਹਮਲੇ 'ਚ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਡਰੋਨਾਂ ਨੂੰ ਡੇਗ ਦਿੱਤਾ ਗਿਆ ਸੀ | ਹਾਲਾਂਕਿ, ਉਸਨੇ ਚਿਤਾਵਨੀ ਦਿੱਤੀ ਕਿ ਰੂਸ ਢੁਕਵੇਂ ਸਮੇਂ 'ਤੇ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ | ਲਾਵਰੋਵ ਨੇ ਕਿਹਾ ਕਿ ਮਾਸਕੋ ਯੂਕਰੇਨ ਨਾਲ ਸ਼ਾਂਤੀ ਵਾਰਤਾ 'ਤੇ ਆਪਣਾ ਰੁਖ਼ ਬਦਲੇਗਾ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ਨਾਲ ਸ਼ਾਂਤੀ ਵਾਰਤਾ ਜਾਰੀ ਰਹੇਗੀ | ਪੁਤਿਨ ਨੇ ਸੋਮਵਾਰ ਨੂੰ ਦੋਵਾਂ ਨੇਤਾਵਾਂ ਵਿਚਕਾਰ ਹੋਈ ਇਕ ਫ਼ੋਨ ਕਾਲ ਵਿਚ ਟਰੰਪ ਨੂੰ ਰਾਸ਼ਟਰਪਤੀ ਨਿਵਾਸ 'ਤੇ ਹਮਲੇ ਬਾਰੇ ਦੱਸਿਆ | ਜ਼ਿਕਰਯੋਗ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਸਮੇਂ ਪੁਤਿਨ ਨੋਵਗੋਰੋਡ ਸਥਿਤ ਆਪਣੇ ਘਰ 'ਚ ਸਨ ਜਾਂ ਨਹੀਂ | ਰੂਸ ਨੇ ਅਜੇ ਤੱਕ ਹਮਲੇ ਦਾ ਕੋਈ ਵੀਡੀਓ ਜਾਰੀ ਨਹੀਂ ਕੀਤਾ ਹੈ | ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਪੁਤਿਨ ਦੇ ਘਰ 'ਤੇ ਹਮਲੇ ਦੀ ਕਹਾਣੀ ਸਿਰਫ਼ ਕੀਵ 'ਤੇ ਹਮਲਾ ਕਰਨ ਤੇ ਉਸ ਨੂੰ ਜਾਇਜ਼ ਠਹਿਰਾਉਣ ਲਈ ਘੜੀ ਹੈ | ਜ਼ੇਲੇਂਸਕੀ ਨੇ 'ਐਕਸ' 'ਤੇ ਪੋਸਟ ਕੀਤਾ ਕਿ ਰੂਸ ਖੁਦ ਯੁੱਧ ਨੂੰ ਖ਼ਤਮ ਕਰਨ ਲਈ ਜ਼ਰੂਰੀ ਕਦਮ ਚੁੱਕਣ ਤੋਂ ਇਨਕਾਰ ਕਰ ਰਿਹਾ ਹੈ, ਜਦੋਂ ਕਿ ਯੂਕਰੇਨ ਨੇ ਹਮੇਸ਼ਾ ਕੂਟਨੀਤਕ ਰਸਤਾ ਬਣਾਈ ਰੱਖਿਆ ਹੈ |