ਉਨਾਓ, ਨਵੀਂ ਦਿੱਲੀ, 29 ਦਸੰਬਰ (ਏਜੰਸੀ)-ਉਨਾਓ ਜਬਰ ਜਨਾਹ ਦੀ ਪੀੜਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਲੋਂ ਦੋਸ਼ੀ ਕੁਲਦੀਪ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਉਣ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਫ਼ਾਂਸੀ ਹੋਣ ਤੱਕ ਉਹ ਆਰਾਮ ਨਾਲ ਨਹੀਂ ਬੈਠੇਗੀ | ਪੀੜਤਾ ਨੇ ਦਿੱਲੀ ਤੋਂ ਫ਼ੋਨ 'ਤੇ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਬਹੁਤ ਖ਼ੁਸ਼ ਹੈ | ਉਸ ਨੇ ਕਿਹਾ ਕਿ ਉਸ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲਿਆ ਹੈ | ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਨਸਾਫ ਲਈ ਆਵਾਜ਼ ਬੁਲੰਦ ਕਰਦੀ ਆ ਰਹੀ ਹੈ | ਉਸ ਨੇ ਕਿਹਾ ਕਿ ਉਸ ਨੇ ਕਿਸੇ ਵੀ ਅਦਾਲਤ 'ਤੇ ਕੋਈ ਦੋਸ਼ ਨਹੀਂ ਲਗਾਏ | ਉਸ ਨੂੰ ਸਾਰੀਆਂ ਅਦਾਲਤਾਂ 'ਚ ਭਰੋਸਾ ਹੈ ਪਰ ਸੁਪਰੀਮ ਕੋਰਟ ਨੇ ਉਸ ਨੂੰ ਇਨਸਾਫ਼ ਦਿੱਤਾ ਹੈ ਅਤੇ ਅੱਗੇ ਵੀ ਦਿੰਦਾ ਰਹੇਗਾ | ਉਸ ਨੇ ਅੱਗੇ ਕਿਹਾ ਕਿ ਦੋਸ਼ੀ ਨੂੰ ਫ਼ਾਂਸੀ ਹੋਣ ਤੱਕ ਉਹ ਆਰਾਮ ਨਾਲ ਨਹੀਂ ਬੈਠੇਗੀ | ਉਸ ਨੇ ਕਿਹਾ ਕਿ ਉਹ ਲੜਦੀ ਰਹੇਗੀ | ਤਦ ਹੀ ਉਸ ਦੀ ਪਰਿਵਾਰ ਅਤੇ ਉਸ ਨੂੰ ਇਨਸਾਫ਼ ਮਿਲੇਗਾ | ਉਸ ਨੇ ਕਿਹਾ ਕਿ ਉਸ ਨੂੰ ਅੱਜ ਵੀ ਧਮਕੀਆਂ ਮਿਲ ਰਹੀਆਂ ਹਨ | ਪਰਿਵਾਰਕ ਮੈਂਬਰਾਂ ਨੇ ਵੀ ਸੁਪਰੀਮ ਕੋਰਟ ਦੇ ਦਖ਼ਲ 'ਤੇ ਰਾਹਤ ਪ੍ਰਗਟ ਕਰਦੇ ਹੋਏ ਕਿਹਾ ਕਿ ਨਿਆਂ ਪ੍ਰਣਾਲੀ 'ਚ ਉਨ੍ਹਾਂ ਦਾ ਵਿਸ਼ਵਾਸ ਬਹਾਲ ਹੋਇਆ ਹੈ | ਪੀੜਤਾ ਦੀ ਭੈਣ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਇਹ ਯਕੀਨੀ ਬਣਾਏਗੀ ਕਿ ਦੋਸ਼ੀ ਨੂੰ ਰਿਹਾਅ ਨਾ ਕੀਤਾ ਜਾਵੇ | ਉਹ ਇਕ ਰਾਖਸ਼ਸ ਹੈ | ਪਹਿਲਾਂ ਉਸ ਨੇ ਮੇਰੀ ਭੈਣ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ 'ਚ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ | ਮੈਂ ਅੱਜ ਸੰਤੁਸ਼ਟ ਹਾਂ | ਉਸ ਦੀ ਜ਼ਮਾਨਤ ਰੱਦ ਹੀ ਰਹਿਣੀ ਚਾਹੀਦੀ ਹੈ | ਉਸ ਨੇ ਕਿਹਾ ਕਿ ਪਰਿਵਾਰ ਕੇਸ ਦੀ ਪੈਰਵੀ ਜਾਰੀ ਰੱਖੇਗਾ |