ਲੁਧਿਆਣਾ, 22 ਦਸੰਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮਟਾਬਰੀ ਲੁਧਿਆਣਾ ਵਲੋਂ ਗੁਰਦੁਆਰਾ ਸ਼ਹੀਦਾਂ, ਪਿੰਡ ਸੁਧਾਰ ਵਿਖੇ ਲਗਾਇਆ ਜਾ ਰਿਹਾ ਸੱਤ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਜੋ ਭਾਰਤੀ ਮੈਡੀਕਲ ਮਿਸ਼ਨ ਦੀ 87ਵੀਂ ਵਰ੍ਹੇਗੰਢ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ, ਜਿਸ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਦੇ ਹੋਏ ਆਮ ਲੋਕਾਂ ਨੂੰ ਸੁਰੱਖਿਅਤ, ਸਸਤੀ ਅਤੇ ਪ੍ਰਭਾਵਸ਼ਾਲੀ ਚਿਕਿਤਸਾ ਸਹੂਲਤ ਪ੍ਰਦਾਨ ਕਰਨਾ ਹੈ | ਇਹ ਕੈਂਪ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵਲੋਂ ਗੁਰਦੁਆਰਾ ਸ਼ਹੀਦਾਂ ਦੇ ਪ੍ਰਧਾਨ ਹਰਵਿੰਦਰਪਾਲ ਸਿੰਘ ਗਿੱਲ, ਇਕਬਾਲ ਸਿੰਘ ਗਿੱਲ, ਪਿੰਡ ਸੁਧਾਰ ਦੀ ਸਰਪੰਚ ਹਰਜਿੰਦਰ ਕੌਰ ਗਿੱਲ, ਸਮਾਜ ਸੇਵੀ ਗੈਰੀ ਗਿੱਲ ਅਤੇ ਜਸਵੰਤ ਸਿੰਘ ਛਾਪਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਐਕਿਊਪੰਕਚਰ ਚਿਕਿਤਸਾ ਪੱਧਤੀ ਬਿਨ੍ਹਾਂ ਦਵਾਈ ਅਤੇ ਬਿਨ੍ਹਾਂ ਅਪ੍ਰੇਸ਼ਨ ਦੇ ਇਲਾਜ 'ਤੇ ਆਧਾਰਿਤ ਹੈ, ਜੋ ਪੂਰੀ ਤਰ੍ਹਾਂ ਸੁਰੱਖਿਅਤ, ਕੁਦਰਤੀ ਅਤੇ ਕਿਫਾਇਤੀ ਹੈ ਅਤੇ ਇਸ ਦਾ ਸਰੀਰ 'ਤੇ ਕੋਈ ਵੀ ਨਕਾਰਾਤਮਕ ਅਸਰ ਨਹੀਂ ਪੈਂਦਾ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਹੁਣ ਤੱਕ 173 ਮਰੀਜ਼ਾਂ ਦਾ ਐਕਿਊਪੰਕਚਰ ਰਾਹੀਂ ਸਫਲ ਇਲਾਜ ਕੀਤਾ ਜਾ ਚੁੱਕਾ ਹੈ, ਜਿਸ ਵਿਚ ਕਮਰ ਦਰਦ, ਰੀੜ੍ਹ ਦੀਆਂ ਸਮੱਸਿਆਵਾਂ, ਸਰਵਾਈਕਲ ਸਪੌਂਡਿਲਾਈਟਿਸ, ਜੋੜਾਂ ਦਾ ਦਰਦ, ਗਠੀਆ, ਮਾਈਗ੍ਰੇਨ, ਦਮਾ, ਸਾਹ ਦੀ ਤਕਲੀਫ਼, ਫ੍ਰੋਜ਼ਨ ਸ਼ੋਲਡਰ, ਘੁੱਟਿਆਂ ਦਾ ਦਰਦ, ਤਣਾਅ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾ ਰਿਹਾ ਹੈ | ਕੈਂਪ ਵਿਚ ਡਾ. ਰਘੁਵੀਰ ਸਿੰਘ, ਡਾ. ਬਲਜਿੰਦਰ ਸਿੰਘ ਢਿਲੋਂ, ਪੱਲਵੀ, ਲਖਵਿੰਦਰ ਸਿੰਘ, ਮਨੀਸ਼ਾ, ਰਵਨੀਤ ਕੌਰ, ਅਮਨਦੀਪ, ਮਹੇਸ਼, ਵੈਸ਼ਾਲੀ ਸਮੇਤ ਮੈਡੀਕਲ ਸਟਾਫ ਅਤੇ ਸੇਵਾਦਾਰਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਡਾ. ਇੰਦਰਜੀਤ ਸਿੰਘ ਨੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ |