ਹੰਬੜਾਂ, 3 ਜੂਨ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਖੋਸਾ ਸੂਬਾ ਸਰਕਾਰ ਦੇ ਅਰਬਨ ਅਸਟੇਟ ਤਹਿਤ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਖੋਹਣ ਦੇ ਮਨਸੂਬਿਆਂ ਨੂੰ ਸਹਿਣ ਨਹੀਂ ਕਰੇਗੀ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਜਸਵੀਰ ਸਿੰਘ ਵਿਰਕ ਦੇ ਘਰ ਉਨ੍ਹਾਂ ਦੇ ਪਿਛਲੇ ਸਮੇਂ ਪਿਤਾ ਦੇ ਹੋਏ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਸਮੇਂ ਕੀਤਾ | ਪ੍ਰਧਾਨ ਖੋਸਾ ਨੇ ਕਿਹਾ ਕਿ ਭਾਵੇਂ ਕਿ ਖੋਸਾ ਯੂਨੀਅਨ ਦੇ ਸਕੱਤਰ ਸਵ: ਅਮਰ ਸਿੰਘ ਵਿਰਕ ਨੇ ਵੀ ਕਿਸਾਨੀ ਮਸਲਿਆਂ ਦੇ ਨਾਲ ਲੋਕਾਂ ਦੇ ਹੋਰ ਮਸਲਿਆਂ ਨੂੰ ਹੱਲ ਕਰਵਾਉਣ ਲਈ ਮੂਹਰਲੀ ਕਤਾਰ 'ਚ ਖੜ੍ਹਕੇ ਲੜਾਈ ਲੜੀ ਤੇ ਅੱਜ ਉਨ੍ਹਾਂ ਦੇ ਹੋਣਹਾਰ ਸਪੁੱਤਰ ਜਸਵੀਰ ਸਿੰਘ ਵਿਰਕ ਵੀ ਯੂਨੀਅਨ ਵਲੋਂ ਸਰਕਾਰ ਵਿਰੁੱਧ ਜ਼ਮੀਨਾਂ ਐਕਵਾਇਰ ਕਰਨ ਵਿਰੁੱਧ ਲੱਗਣ ਵਾਲੇ ਮੋਰਚੇ 'ਚ ਯੂਨੀਅਨ ਦਾ ਸਾਥ ਦੇਣਗੇ | ਪ੍ਰਧਾਨ ਖੋਸਾ ਨੇ ਕਿਹਾ ਕਿ ਲੁਧਿਆਣਾ ਦੇ ਪਿੰਡ ਫਾਗਲਾ, ਈਸੇਵਾਲ, ਬੀਰਮੀ, ਬਸੈਮੀ ਅਤੇ ਭੱਟੀਆਂ ਦੇ ਨਾਲ ਹੋਰ ਦਰਜਨਾਂ ਪਿੰਡਾਂ ਦੀ ਜ਼ਮੀਨ ਨੂੰ ਸਰਕਾਰ ਵਲੋਂ ਕੌਡੀਆਂ ਦੇ ਭਾਅ 'ਤੇ ਐਕਵਾਇਰ ਕੀਤੇ ਜਾਣ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ | ਖੋਸਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ ਨੇ ਕਿਹਾ ਕਿ ਖੋਸਾ ਯੂਨੀਅਨ ਕਿਸਾਨਾਂ ਨਾਲ ਚੱਟਾਂਨ ਵਾਂਗ ਖੜ੍ਹੀ ਹੈ ਤੇ ਸਰਕਾਰ ਨੂੰ ਕਿਸਾਨਾਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ | ਇਸ ਮੌਕੇ ਸਕੱਤਰ ਜਸਵੀਰ ਸਿੰਘ ਵਿਰਕ, ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ, ਕਿ੍ਪਾਲ ਸਿੰਘ, ਕੁਲਵਿੰਦਰ ਸਿੰਘ ਰਟੌਲ, ਪ੍ਰਧਾਨ ਧਿਆਨ ਸਿੰਘ ਗੌਂਸਪੁਰ, ਹਰਵਿੰਦਰ ਸਿੰਘ ਚੀਮਾਂ, ਜਸਪਾਲ ਸਿੰਘ ਧਾਲੀਵਾਲ, ਉਜਾਗਰ ਸਿੰਘ, ਜਗਦੀਪ ਸਿੰਘ ਦੀਪਾ ਵਿਰਕ ਸਮੇਤ ਹੋਰ ਆਗੂ ਵੀ ਮੌਜੂਦ ਸਨ |