ਜਗਰਾਉਂ, 2 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਸ੍ਰੀ ਸੰਪਟ ਆਖੰਡ ਪਾਠ ਜੀ ਦੇ ਪਾਠ ਪ੍ਰਕਾਸ਼ ਕੀਤੇ ਗਏ | ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਦੀ ਸਰਪ੍ਰਸਤੀ ਹੇਠ ਅੱਜ ਪ੍ਰਕਾਸ਼ ਕੀਤੇ ਗਏ ਤੇ ਪਾਠਾਂ ਦੇ ਭੋਗ 6 ਸਤੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ | ਇਸ ਮੌਕੇ ਕੀਰਤਨੀ ਜਥੇ ਗੁਰੂ ਮਹਿਮਾਂ ਦਾ ਗੁਣਗਾਨ ਕਰਨਗੇ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਨੂੰ ਇਸ ਬਿਪਤਾ ਦੀ ਘੜੀ ਵਿਚੋਂ ਸੁਰੱਖਿਅਤ ਬਾਹਰ ਕੱਢਣ | ਉਨ੍ਹਾਂ ਕਿਹਾ ਕਿ ਦੇਸ਼ ਦੁਨੀਆ ਵਿਚ ਵੱਸਦੀਆਂ ਸਿੱਖ ਸੰਗਤਾਂ ਵੀ ਹੜ੍ਹਾਂ ਵਿਚ ਫਸੇ ਆਪਣੇ ਭਰਾਵਾਂ ਦੀ ਬਾਂਹ ਫੜਨ | ਹਰ ਇਕ ਵਿਅਕਤੀ ਆਪਣੀ ਸਮੱਰਥਾ ਅਨੁਸਾਰ ਸੇਵਾ ਕਰੇ | ਇਸ ਮੌਕੇ ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ ਦਿੱਲੀ, ਭਾਈ ਗੇਜਾ ਸਿੰਘ, ਭਾਈ ਨਿਰਮਲ ਸਿੰਘ, ਭਾਈ ਬਿੰਦਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਜੱਸਾ ਸਿੰਘ ਆਦਿ ਹਾਜ਼ਰ ਸਨ |