ਰਾਏਕੋਟ, 2 ਸਤੰਬਰ (ਸੁਸ਼ੀਲ)-ਸੰਜੀਵਨੀ ਟਰੱਸਟ ਰਾਏਕੋਟ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਗਈ ਸਮੱਗਰੀ ਦਾ ਟੈਂਪੂ ਜਗਰਾਉਂ ਦੀ ਇਕ ਸਮਾਜਸੇਵੀ ਸੰਸਥਾ ਰਾਹੀਂ ਭੇਜਿਆ ਗਿਆ | ਇਸ ਮੌਕੇ ਟਰੱਸਟ ਦੇ ਪ੍ਰਧਾਨ ਅਸ਼ੋਕ ਕਨੌਜੀਆ ਅਤੇ ਸਕੱਤਰ ਗੁਲਸ਼ਨ ਜੇਠੀ ਨੇ ਦੱਸਿਆ ਕਿ ਟਰੱਸਟ ਵਲੋਂ ਸਮੂਹ ਕਲੱਬ ਮੈਂਬਰਾਂ, ਸ੍ਰੀ ਬਾਲਾ ਜੀ ਪਰਿਵਾਰ ਰਾਏਕੋਟ ਅਤੇ ਸ਼ਹਿਰ ਦੇ ਹੋਰ ਦਾਨੀ ਸੱਜਣਾਂ ਦੀ ਮਦਦ ਨਾਲ 400 ਦੇ ਕਰੀਬ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਜ਼ਰੂਰੀ ਸਾਮਾਨ ਲੈ ਕੇ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ, ਪਾਣੀ ਦੇ ਹਮਲੇ ਨੇ ਕਈ ਪਰਿਵਾਰਾਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ ਹੈ, ਜਿਨ੍ਹਾਂ ਨੂੰ ਭੋਜਨ ਅਤੇ ਪਾਣੀ ਪ੍ਰਾਪਤ ਕਰਨ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਅੱਜ ਸੰਜੀਵਨੀ ਟਰੱਸਟ ਰਾਏਕੋਟ ਵਲੋਂ ਟਾਰਚ, ਛੱਤਰੀ, ਓਡੋਮਾਸ, ਬਿਸਕੁਟ, ਭੁਜੀਆ, ਸੈਨੇਟਰੀ ਪੈਡ, ਸੁੱਕਾ ਦੁੱਧ, ਟਰਾਫ਼ੀ, ਦਵਾਈਆਂ, ਪੇਸਟ, ਬੁਰਸ਼, ਸਾਬਣ, ਤਰਪਾਲ ਆਦਿ ਜ਼ਰੂਰੀ ਸਮਾਨ 'ਹੈਲਪਿੰਗ ਹੈਂਡਸ' ਸੰਸਥਾ ਜਗਰਾਉਂ ਨੂੰ ਭੇਜਿਆ ਗਿਆ ਹੈ | ਇਸ ਮੌਕੇ ਚੇਅਰਮੈਨ ਦੀਪਕ ਕਪਿਲਾ, ਸਰਵੇਸ਼ ਕਨੌਜੀਆ, ਅਰਪਿੰਦਰ ਸਿੰਘ, ਸੰਦੀਪ ਖੁਰਮੀ, ਅਜੇ ਕੁਮਾਰ ਮਿੱਡਾ, ਅਜੇ ਕੁਮਾਰ ਬਾਂਸਲ, ਰਮਨ ਗਰਗ ਆਦਿ ਹਾਜ਼ਰ ਸਨ |