ਅਹਿਮਦਗੜ੍ਹ/ਜੋਧਾਂ, 2 ਸਤੰਬਰ (ਰਵਿੰਦਰ ਪੁਰੀ, ਗੁਰਵਿੰਦਰ ਸਿੰਘ ਹੈਪੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ 7 ਸਤੰਬਰ ਨੂੰ ਕੀਤੀ ਜਾਣ ਵਾਲੀ ਵਿਸ਼ਾਲ ਕਾਨਫ਼ਰੰਸ ਰੱਦ ਕਰ ਦਿੱਤੀ ਗਈ ਹੈ | ਪਿਛਲੇ ਕਈ ਦਿਨਾਂ ਤੋਂ ਕਾਨਫ਼ਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਕਾਨਫ਼ਰੰਸ ਸਬੰਧੀ ਵੱਡੇ ਪੱਧਰ 'ਤੇ ਤਿਆਰੀਆਂ 'ਚ ਜੁਟੇ ਸਨ ਅਤੇ ਜ਼ਿਲ੍ਹਾ ਲੁਧਿਆਣਾ ਅੰਦਰ ਸਾਰੇ ਹਲਕਾ ਇੰਚਾਰਜਾਂ ਵਲੋਂ ਪਿੰਡਾਂ ਵਿਚ ਮੀਟਿੰਗ ਦਾ ਸਿਲਸਿਲਾ ਜਾਰੀ ਸੀ, ਜਿਸ ਸਦਕਾ ਕਾਨਫ਼ਰੰਸ ਵਿਚ ਭਾਰੀ ਇਕੱਠ ਹੋਣ ਦੀ ਉਮੀਦ ਸੀ ਪਰ ਪੰਜਾਬ ਅੰਦਰ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਅੱਜ ਜ਼ਿਲ੍ਹਾ ਜਥੇਬੰਦੀ ਵਲੋਂ ਪ੍ਰਧਾਨ ਚੰਦ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਗੁੱਜਰਵਾਲ ਵਿਖੇ ਮੀਟਿੰਗ ਰੱਖੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਨਫ਼ਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਉਲ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਜਥੇਦਾਰ ਜਗਜੀਤ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਧਾਲੀਵਾਲ, ਜਗਬੀਰ ਸਿੰਘ ਸੌਖੀ, ਚਰਨ ਸਿੰਘ ਆਲਮਗੀਰ, ਭੁਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਫੱਲੇਵਾਲ ਨੇ ਵਰਕਰਾਂ ਅਤੇ ਵਿਸ਼ੇਸ਼ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹੜ੍ਹ ਪੀੜਤਾਂ ਪ੍ਰਤੀ ਭਾਵਨਵਾਂ ਨੂੰ ਦੇਖਦਿਆਂ ਕਾਨਫ਼ਰੰਸ ਰੱਦ ਕਰਨ ਦਾ ਸੁਝਾਅ ਦਿੱਤਾ ਜੋ ਸਾਰਿਆਂ ਨੇ ਪ੍ਰਵਾਨ ਕਰ ਲਿਆ | ਇਸ ਮੌਕੇ ਹਲਕਾ ਗਿੱਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰ, ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਈਸੇਵਾਲ, ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ, ਹਲਕਾ ਪਾਇਲ ਦੇ ਇੰਚਾਰਜ ਮਨਦੀਪ ਸਿੰਘ ਮਦਨੀਪੁਰ, ਗੁਰਜੀਤ ਸਿੰਘ ਲਹਿਰਾ, ਪਿ੍ਤਪਾਲ ਸਿੰਘ ਝੱਮਟ, ਸੁਖਦਰਸ਼ਨ ਸਿੰਘ ਪੋਹੀੜ, ਸਰਕਲ ਜਥੇਦਾਰ ਸੁਰਿੰਦਰ ਸਿੰਘ ਲਤਾਲਾ, ਹਰਿੰਦਰ ਸਿੰਘ ਈਸੇਵਾਲ, ਅੰਮਿ੍ਤਪਾਲ ਸਿੰਘ ਖੰਡੂਰ, ਰਣਜੀਤ ਸਿੰਘ ਤਲਵਾੜਾ, ਚਮਕੌਰ ਸਿੰਘ ਭਰੋਵਾਲ, ਅਮਨ ਸਵੱਦੀ, ਹਰਪਾਲ ਸਿੰਘ ਕੋਠੇਪੋਨਾ, ਗੁਰਮੁੱਖ ਸਿੰਘ ਛਪਾਰ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਗੁਰਦੀਪ ਸਿੰਘ ਕਾਕਾ ਸਵੱਦੀ, ਗੁਰਮੇਲ ਸਿੰਘ ਆਂਡਲੂ, ਸਵਰਨ ਸਿੰਘ ਛੱਜਾਵਾਲ, ਚਮਕੌਰ ਸਿੰਘ ਉੱਭੀ ਜੋਧਾਂ, ਪ੍ਰਧਾਨ ਨਿਰਮਲ ਸਿੰਘ ਰਤਨ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ | ਮੀਟਿੰਗ ਬਾਅਦ ਸਾਰੇ ਇਕੱਠੇ ਹੋਏ ਆਗੂਆਂ ਨੇ ਗੁਰੂ ਘਰ ਜਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੜ੍ਹ ਪੀੜਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਨਾਲ ਹੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ | ਇਸ ਮੌਕੇ ਜਸਕਰਨ ਸਿੰਘ ਦਿਉਲ ਨੇ ਦੱਸਿਆ ਕਿ ਹੁਣ ਕਾਨਫ਼ਰੰਸ ਤੋਂ ਵਿਹਲੇ ਹੋ ਕੇ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਾਂਗੇ |