ਰਾਏਕੋਟ, 5 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੱਥੋਵਾਲ ਦੇ ਸਰਪੰਚ ਜਸਵਿੰਦਰ ਸਿੰਘ, ਗ੍ਰਾਮ ਪੰਚਾਇਤ ਤੇ ਬਾਬਾ ਮੇਲਾ ਰਾਮ ਸਪੋਰਟਸ ਕਲੱਬ ਨੱਥੋਵਾਲ ਵਲੋਂ ਪਿੰਡ ਦੇ ਲੋੜਵੰਦਾਂ ਪਰਿਵਾਰਾਂ ਨੂੰ ਬਰਸਾਤ ਤੋਂ ਰਾਹਤ ਦਿਵਾਉਣ ਲਈ ਤਰਪਾਲਾਂ ਵੰਡੀਆਂ ਗਈਆਂ | ਇਸ ਸਮੇਂ ਸਰਪੰਚ ਜਸਵਿੰਦਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਬਾਰਿਸ਼ ਪੈਣ ਕਾਰਨ ਪਿੰਡ ਦੇ ਕੱਚੇ ਘਰਾਂ ਦੀਆਂ ਛੱਤਾਂ ਰਾਹੀਂ ਬਰਸਾਤੀ ਪਾਣੀ ਚੋਣ ਲੱਗ ਪਿਆ ਸੀ, ਜਿਸ ਸਭ ਨੂੰ ਧਿਆਨ 'ਚ ਰੱਖਦੇ ਹੋਏ ਸਭਨਾਂ ਦੇ ਸਹਿਯੋਗ ਨਾਲ ਪਿੰਡ ਦੇ ਲੋੜਵੰਦਾਂ ਪਰਿਵਾਰਾਂ ਨੂੰ ਤਰਪਾਲਾਂ ਮੁਫ਼ਤ ਵੰਡੀਆਂ ਗਈਆਂ ਤਾਂ ਜੋ ਲੋਕ ਤਰਪਾਲਾਂ ਦੀ ਮਦਦ ਨਾਲ ਬਰਸਾਤੀ ਪਾਣੀ ਦੀ ਮਾਰ ਤੋਂ ਬਚ ਸਕਣ | ਇਸ ਕੀਤੇ ਗਏ ਉਪਰਾਲੇ ਦੀ ਪਿੰਡ 'ਚ ਸ਼ਲਾਘਾ ਕੀਤੀ ਜਾ ਰਹੀ ਹੈ |