ਰਾਏਕੋਟ/ਹਲਵਾਰਾ, 5 ਸਤੰਬਰ (ਬਲਵਿੰਦਰ ਸਿੰਘ ਲਿੱਤਰ, ਮਨਦੀਪ ਸਿੰਘ ਉੱਭੀ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਅਧਿਆਪਕ ਦਿਵਸ' ਕਾਲਜ ਦੇ ਚੇਅਰਮੈਨ ਰਣਜੀਤ ਸਿੰਘ ਤੇ ਕਾਲਜ ਪਿ੍ੰਸੀਪਲ ਮੈਡਮ ਡਾ. ਜੋਤੀ ਗੁਪਤਾ ਦੀ ਅਗਵਾਈ ਹੇਠ ਆਨਲਾਈਨ ਗੂਗਲ-ਮੀਟ ਦੇ ਜ਼ਰੀਏ ਮਨਾਇਆ | ਜਿਸ ਦੌਰਾਨ ਮੁੱਖ ਮਹਿਮਾਨ ਪ੍ਰੋਫ਼ੈਸਰ ਡਾ. ਚਿੱਤਰਾ ਏ ਕਰਪਾਗਮ ਅਕੈਡਮੀ ਆਫ਼ ਹਾਈਅਰ ਐਜੂਕੇਸ਼ਨ ਕੋਆਮਬਤੂਰ (ਤਾਮਿਲਨਾਡੂ) ਐੱਮ. ਬੀ. ਏ., ਐੱਮ. ਫਿਲ, ਐੱਸ. ਈ. ਟੀ., ਪੀ. ਐੱਚ. ਡੀ. ਤੇ ਡਾ. ਰਾਜਿੰਦਰ ਕੁਮਾਰ ਗੁਪਤਾ ਐੱਮ. ਕਾਮ, ਐਮ. ਬੀ. ਏ., ਐੱਮ. ਏ., ਐੱਮ. ਐੱਸ. ਸੀ., ਐੱਲ. ਐੱਲ. ਬੀ., ਪੀ. ਐੱਚ. ਡੀ. ਅਸਿਸਟੈਂਟ ਕਾਮਰਸ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਲੋਂ ਆਪਣੇ ਭਾਸ਼ਨ ਰਾਹੀਂ ਅਧਿਆਪਕਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਜੀਵਨ 'ਚ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਉਂਕਿ ਅਧਿਆਪਕ ਆਪਣੀ ਊਰਜਾ ਨਸ਼ਟ ਕਰਕੇ ਵਿਦਿਆਰਥੀਆਂ ਨੂੰ ਗਿਆਨ ਦਿੰਦੇ ਹਨ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਉਨ੍ਹਾਂ ਵਲੋਂ ਤਸੱਲੀਬਖਸ਼ ਜਵਾਬ ਵੀ ਦਿੱਤੇ ਗਏ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਗੁਰਪਿੰਦਰਜੀਤ ਸਿੰਘ ਨੇ ਸਮੂਹ ਸਟਾਫ਼ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਗਿਆਨ ਦੀ ਜੋਤ ਜਗਾਉਣ ਵਾਲੇ ਅਧਿਆਪਕ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ |