ਜਗਰਾਉਂ, 5 ਸਤੰਬਰ (ਵਿਨੋਦ ਕੁਮਾਰ)-ਆਮਦਨ ਕਰ ਵਿਭਾਗ ਵਲੋਂ ਵਪਾਰ ਨਾਲ ਜੁੜੇ ਵਿਸ਼ੇਸ਼ ਉਪਭੋਗਤਾਵਾਂ ਨਾਲ ਇਕ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ | ਇਸ ਮਿਲਣੀ 'ਚ ਡਾ. ਜੀ. ਐੱਸ. ਫਣੀ ਕਿਸ਼ੋਰ, ਆਈ. ਆਰ. ਐੱਸ. ਮੁੱਖ ਕਮਿਸ਼ਨਰ ਆਮਦਨ ਕਰ ਅੰਮਿ੍ਤਸਰ ਤੇ ਸ੍ਰੀ ਵਿਵੇਕ ਨਾਂਗੀਆ ਆਈ. ਆਰ. ਐਸ. ਪਿ੍ੰਸੀਪਲ ਕਮਿਸ਼ਨਰ ਆਮਦਨ ਕਰ-1 ਲੁਧਿਆਣਾ, ਡਾ. ਰਿਸ਼ੀ ਕੁਮਾਰ, ਆਈ. ਆਰ. ਐਸ. ਵਧੀਕ ਕਮਿਸ਼ਨਰ ਆਮਦਨ ਕਰ ਰੇਂਜ-1 ਲੁਧਿਆਣਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਟੈਕਸਦਾਤਾਵਾਂ ਤੇ ਟੈਕਸ ਪੇਸ਼ੇਵਰਾਂ ਨੂੰ 15 ਸਤੰਬਰ 2025 ਨੂੰ ਦੇਣਯੋਗ ਐਡਵਾਂਸ ਟੈਕਸ ਕਿਸ਼ਤ ਜਮ੍ਹਾਂ ਕਰਵਾਉਣ ਬਾਰੇ ਜਾਗਰੂਕ ਕੀਤਾ | ਸਮਾਗਮ 'ਚ ਜਗਰਾਉਂ ਦੇ ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੇ ਸ਼ਿਰਕਤ ਕੀਤੀ | ਵਿਭਾਗ ਦੇ ਅਧਿਕਾਰੀ ਦਾ ਟੈਕਸਦਾਤਾਵਾਂ ਤੇ ਟੈਕਸ ਬਾਰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਦੁਆਰਾ ਸਵਾਗਤ ਕੀਤਾ | ਇਸ ਤੋਂ ਇਲਾਵਾ ਹਾਜ਼ਰੀਨ ਨੂੰ ਆਈ. ਟੀ. ਦੇ ਉਪਬੰਧ ਅਨੁਸਾਰ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ | ਓਪਨ ਹਾਊਸ ਚਰਚਾ ਦੌਰਾਨ, ਟੈਕਸਦਾਤਾਵਾਂ ਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਭਾਗ ਦੁਆਰਾ ਆਊਟਰੀਚ ਪ੍ਰੋਗਰਾਮ ਚਲਾਉਣ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ ਤੇ ਵਿਭਾਗ ਨੂੰ ਮੌਜੂਦਾ ਉਪਬੰਧਾਂ ਅਨੁਸਾਰ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾਂ ਕਰਨ ਦਾ ਭਰੋਸਾ ਦਿੱਤਾ |