ਹਠੂਰ, 5 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਏ | ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਆਰੰਭਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੀ ਵੱਡੀ ਮੁਸੀਬਤ ਵਿਚ ਹੈ | ਭਾਵੇਂ ਇਹ ਕੁਦਰਤ ਦਾ ਵਰਤਾਰਾ ਹੈ, ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਅਰਦਾਸ ਬੇਨਤੀ ਕਰ ਸਕਦੇ ਹਾਂ ਤੇ ਇਕ ਦੂਜੇ ਦੀ ਮਦਦ ਕਰਨਾ ਵੀ ਸਾਡੇ ਗੁਰੂਆਂ ਦਾ ਫਲਸਫ਼ਾ ਹੈ, ਜਿਸ ਲਈ ਸਮੂਹ ਲੋਕ, ਜਥੇਬੰਦੀਆਂ ਲੱਗੀਆਂ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਤੇ ਸਰਬੱਤ ਦੇ ਭਲੇ ਦੀ ਸਮੁੱਚੀ ਅਰਦਾਸ 6 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗੀ ਅਤੇ ਉਪਰੰਤ ਵਿਚਾਰ ਕਰਕੇ ਹੜ੍ਹ ਪੀੜਤਾਂ ਲਈ ਸਹਾਇਤਾ ਭੇਜੀ ਜਾਵੇਗੀ | ਇਸ ਮੌਕੇ ਸੈਕਟਰੀ ਗੁਰਮੀਤ ਸਿੰਘ ਲੱਖਾ, ਅਜੈਬ ਸਿੰਘ ਯੂ. ਪੀ. ਆਦਿ ਵੀ ਹਾਜ਼ਰ ਸਨ |