ਔੜ, 1 ਜੂਨ (ਗੁਰਨਾਮ ਸਿੰਘ ਸੈਣੀ) - ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਅੰਦਰ ਪੈਂਦੇ ਪਿੰਡ ਬਜ਼ੀਦਪੁਰ ਵਿਖੇ ਪੀ. ਏ. ਯੂ ਲੁਧਿਆਣਾ ਦੀ ਟੀਮ ਵੱਲੋਂ ਬਲਾਕ ਖੇਤੀਬਾੜੀ ਦਫ਼ਤਰ ਔੜ ਦੇ ਬਲਾਕ ਨੋਡਲ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਔੜ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਅਭਿਆਨ ਦੀ ਟੀਮ ਦੀ ਅਗਵਾਈ ਡਾ. ਧਰਿੱਤੀਮਨ ਸਾਹਾ ਨੇ ਕੀਤੀ | ਉਹਨਾਂ ਦੇ ਨਾਲ ਡਾ. ਆਲਾ ਸਿੰਘ, ਡਾ. ਸੋਮਿਆ ਮੋਹਾ ਪਾਤਰਾ, ਡਾ. ਨਿਰਵੈਓ ਸਿੰਘ ਅਤੇ ਸਤਵਿੰਦਰ ਸਿੰਘ ਟੀਮ ਮੈਂਬਰ ਹਾਜ਼ਰ ਹੋਏ | ਇਹ ਅਭਿਆਨ ਸਾਉਣੀ ਦੀਆਂ ਫ਼ਸਲਾਂ ਲਈ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰਿਤ ਕੀਤਾ ਗਿਆ | ਉਹਨਾਂ ਨੇ ਦੱਸਿਆ ਕਿ ਇਹ ਅਭਿਆਨ 12 ਜੂਨ ਤੱਕ ਹਰ ਰੋਜ਼ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਚਲਾਇਆ ਜਾਵੇਗਾ | ਇਸ ਅਭਿਆਨ ਵਿੱਚ ਡਾਕਟਰ ਲੇਖ ਰਾਜ ਬੇਗੋਵਾਲ ਬਲਾਕ ਖੇਤੀਬਾੜੀ ਅਫਸਰ ਔੜ ਨੇ ਕੈਂਪ ਵਿੱਚ ਆਏ ਹੋਏ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਲੈਬ ਤੋਂ ਲੈਂਡ ਤੱਕ ਯੂਨੀਵਰਸਿਟੀ ਵੱਲੋਂ ਹੋਈਆਂ ਖੋਜਾਂ ਨੂੰ ਲਿਜਾਣ ਤੱਕ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ | ਮਿਸ ਮੋਨਿਕਾ ਏ. ਐਸ. ਆਈ ਔੜ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ, ਦੋਵੇਂ ਏ. ਟੀ. ਐਮ ਅਤੇ ਸੈਕਟਰੀ ਜਸਵਿੰਦਰ ਸਿੰਘ ਕੋਪ੍ਰੇਟਿਵ ਸੋਸਾਇਟੀ ਬਾਜ਼ੀਦਪੁਰ ਨੇ ਵੀ ਆਪਣੀ ਬਣਦੀ ਭੂਮਿਕਾ ਨਿਭਾਈ | ਇਸ ਮੌਕੇ 'ਤੇ ਇਸ ਅਭਿਆਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ | ਇਸ ਤੋਂ ਇਲਾਵਾ ਪਿੰਡ ਬਾਜ਼ੀਦਪੁਰ, ਦੋਧਾਲਾ ਅਤੇ ਸੈਦਪੁਰ ਥੇਹ ਦੇ ਅਗਾਂਹ ਵਧੂ ਕਿਸਾਨ ਸਰਪੰਚ ਸਤਵਿੰਦਰ ਸਿੰਘ, ਹਰਦੀਪ ਸਿੰਘ, ਗੁਰਦਿੱਤ ਸਿੰਘ, ਦਵਿੰਦਰ ਸਿੰਘ, ਤਰਲੋਚਨ ਸਿੰਘ, ਸਾਬਕਾ ਬਾਗਵਾਨੀ ਸਬ ਇੰਸਪੈਕਟਰ, ਮਲਕੀਤ ਸਿੰਘ ਹਾਜ਼ਰ ਸਨ |