21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਖੇਤਾਂ 'ਚ ਪਈ ਝੋਨੇ ਦੀ ਪਰਾਲੀ ਕਿਸਾਨਾਂ ਲਈ ਗਲੇ ਦੀ ਹੱਡੀ ਬਣੀ

Ad Position 21
No active advertisement
ਅਜੀਤ ਡੈਸਕ 04-11-2025
ਸਮੁੰਦੜਾ, 3 ਨਵੰਬਰ (ਤੀਰਥ ਸਿੰਘ ਰੱਕੜ)-ਝੋਨੇ ਦੀ ਕਟਾਈ ਤੋਂ ਕੁੱਝ ਸਮਾਂ ਪਹਿਲਾਂ ਖੇਤੀਬਾੜੀ ਬਲਾਕ ਦਫ਼ਤਰ ਗੜ੍ਹਸ਼ੰਕਰ ਵਲੋਂ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਵੱਖ-ਵੱਖ ਪਿੰਡਾਂ 'ਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ਼ ਕੈਂਪ ਲਗਾਏ ਗਏ ਅਤੇ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ | ਇਸੇ ਲੜੀ ਦੇ ਤਹਿਤ ਪਿੰਡ ਸਿੰਬਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ | ਜਿਸ ਵਿੱਚ ਪਿੰਡ ਸਿੰਬਲੀ, ਚੱਕ ਗੁਰੂ, ਨਾਜਰਪੁਰ, ਚੱਕ ਸਿੰਘਾਂ, ਧਮਾਈ ਆਦਿ ਪਿੰਡਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ ਸੀ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਐਸ.ਡੀ.ਐਮ ਗੜ੍ਹਸ਼ੰਕਰ ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਤਹਿਸੀਲਦਾਰ ਗੜ੍ਹਸ਼ੰਕਰ ਅਤੇ ਹੋਰ ਸਬੰਧਿਤ ਵੱਖ-ਵੱਖ ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਅਤੇ ਇਸ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੰਦਿਆਂ ਮਸ਼ੀਨਰੀ ਭੇਜਣ ਅਤੇ ਇਸ ਨੂੰ ਖੇਤਾਂ ਵਿੱਚ ਸਾੜਨ 'ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ | ਪਰ ਮੌਕਾ ਆਉਣ 'ਤੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਹੋ ਜਾਣ ਦੇ ਬਾਵਜੂਦ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਉਪਲਬਧ ਨਹੀਂ ਕਰਵਾਈ ਜਾ ਰਹੀ ਅਤੇ ਸਿਰਫ਼ ਤੇ ਸਿਰਫ਼ ਕੁੱਝ ਅਸਰ ਰਸੂਖ਼ ਵਾਲੇ ਅਤੇ ਕੁੱਝ ਖ਼ਾਸ-ਖ਼ਾਸ ਪਿੰਡਾਂ ਅਤੇ ਰਾਜਨੀਤਿਕ ਪਹੁੰਚ ਵਾਲ਼ੇ ਕਿਸਾਨਾਂ ਤੱਕ ਹੀ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨਰੀ ਭੇਜੀ ਗਈ ਹੈ ਪਰ ਆਮ ਅਤੇ ਥੋੜ੍ਹੀ ਜ਼ਮੀਨ ਵਾਲੇ ਕਿਸਾਨਾਂ ਨੂੰ ਖੇਤਾਂ ਵਿੱਚ ਪਈ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨ ਲਈ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਵੀ ਬਣੀਆਂ ਪਈਆਂ ਹਨ, ਪਰ ਉਹਨਾਂ ਨੂੰ ਸਮੇਂ ਸਿਰ ਚੁੱਕਿਆ ਨਹੀਂ ਜਾ ਰਿਹਾ ਅਤੇ ਕੁੱਝ ਵਲੋਂ ਪਰਾਲੀ ਦੀਆਂ ਗੰਢਾਂ ਰੱਖਣ ਲਈ ਥਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਝੋਨੇ ਦੀ ਪਰਾਲੀ ਦਾ ਸਮੇਂ ਸਿਰ ਪ੍ਰਬੰਧ ਨਾ ਹੋ ਸਕਿਆ ਤਾਂ ਕਣਕ ਦੀ ਬਿਜਾਈ ਬੇਹੱਦ ਪੱਛੜ ਜਾਵੇਗੀ ਅਤੇ ਇਸ ਦੇ ਵੀ ਝਾੜ ਘਟਣ ਦੇ ਆਸਾਰ ਪੈਦਾ ਹੋ ਜਾਣਗੇ | ਇਸ ਕਰਕੇ ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਖੇਤੀਬਾੜੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੇਤਾਂ 'ਚ ਲੰਮੇ ਸਮੇਂ ਤੋਂ ਪਈ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨ ਲਈ ਜਲਦੀ ਤੋਂ ਜਲਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ 7-8 ਨੂੰ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ ਨਵਾਂਸ਼ਹਿਰ 'ਚ ਕੀਤੀ ਰੋਸ ਰੈਲੀ <br/>
Ad Position 24