ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਓ, ਜਾਣੀਏ ਦੀਵਾਲੀ ਬਾਰੇ ਕੁਝ ਰੌਚਿਕ ਤੱਥ

Ad Position 21
No active advertisement
ਅਜੀਤ ਡੈਸਕ 20-10-2025

ਦੀਵਾਲੀ ਰੌਸ਼ਨੀਆਂ, ਮਠਿਆਈਆਂ ਅਤੇ ਖ਼ੁਸੀਆਂ ਦਾ ਤਿਉਹਾਰ ਹੈ। ਇਹ ਤਿਉਹਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲ ਦਾ ਬਨਵਾਸ ਖ਼ਤਮ ਹੋਣ ਪਿੱਛੋਂ ਅਯੁੱਧਿਆ ਵਾਪਸ ਪਰਤਣ ਅਤੇ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਦੀ ਖ਼ੁਸ਼ੀ ਵਿਚ ਦੇਸ਼ ਤੇ ਵਿਦੇਸ਼ ਵਿਚ ਵਸੇ ਸਮੂਹ ਭਾਰਤੀਆਂ ਵਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਹੀ ਜਾਂਦਾ ਹੈ। ਆਓ ਇਸ ਪਾਵਨ ਤਿਉਹਾਰ ਨਾਲ ਜੁੜੇ ਕੁਝ ਹੋਰ ਬੇਹੱਦ ਰੌਚਿਕ ਅਤੇ ਜਾਣਕਾਰੀ ਭਰਪੂਰ ਤੱਥਾਂ ਨੂੰ ਜਾਣੀਏ
* ਸ੍ਰੀ ਰਾਮ ਚੰਦਰ ਜੀ ਹੱਥੋਂ ਮੁਕਤੀ ਪਾਉਣ ਵਾਲੇ ਲੰਕਾ ਦੇ ਰਾਜਾ ਰਾਵਣ ਦੀ ਜਨਮ ਅਤੇ ਕਰਮ ਭੂਮੀ ਸ੍ਰੀਲੰਕਾ ਵਿਖੇ ਵੀ ਭਾਰਤ ਦੀ ਤਰ੍ਹਾਂ ਇਸ ਦਿਨ ਪੂਰੇ ਮੁਲਕ ਵਿਚ ਛੁੱਟੀ ਰੱਖੀ ਜਾਂਦੀ ਹੈ ਤੇ ਸ੍ਰੀ ਲੰਕਾ ਵਿਖੇ ਵੱਸਦੇ ਤਾਮਿਲ ਲੋਕਾਂ ਵਲੋਂ ਇਸ ਦਿਨ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਉਹ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਦੀਵੇ ਆਦਿ ਜਗਾਉਣਾ ਅਸਲ ਵਿਚ 'ਆਸਵੰਦ ਹੋਣ' , 'ਰੌਸ਼ਨ ਭਵਿੱਖ ਹੋਣ ' ਅਤੇ ' ਆਉਣ ਵਾਲੀ ਖ਼ੁਸ਼ਹਾਲੀ' ਦਾ ਪ੍ਰਤੀਕ ਹੈ।
* 'ਨੇਵਾਰ ਬੋਧੀ' ਨਾਮਕ ਸ਼੍ਰੇਣੀ ਦੇ ਬੁੱਧ ਧਰਮ ਦੇ ਪੈਰੋਕਾਰ ਜੋ ਭਾਰਤ ਸਮੇਤ ਜ਼ਿਆਦਾ ਕਰਕੇ ਨਿਪਾਲ ਵਿਚ ਵਸਦੇ ਹਨ, ਉਹ ਇਸ ਦਿਨ ਨੂੰ ਬੁੱਧ ਧਰਮ ਦਾ ਇਕ ਪਾਵਨ ਦਿਨ ਮੰਨ ਕੇ ਰੌਸ਼ਨੀ ਦੇ ਪ੍ਰਤੀਕ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ। ਉਹ ਮੰਨਦੇ ਹਨ ਕਿ ਇਸੇ ਹੀ ਦਿਨ ਤੀਜੀ ਸ਼ਤਾਬਦੀ ਈਸਾਪੂਰਵ ਵਿਚ ਸਮਰਾਟ ਅਸ਼ੋਕ ਨੇ ਬੁੱਧ ਧਰਮ ਦਾ ਮਾਰਗ ਅਪਣਾਇਆ ਸੀ ਅਤੇ ਨਾ ਕੇਵਲ ਆਪ ਹਿੰਸਾ ਦਾ ਤਿਆਗ ਕੀਤਾ ਸੀ, ਸਗੋਂ ਅਸੰਖਾਂ ਹੋਰ ਲੋਕਾਂ ਨੂੰ ਵੀ ਅਹਿੰਸਾ ਅਤੇ ਪ੍ਰੇਮ ਦਾ ਪਾਠ ਪੜ੍ਹਾਉਣ ਲਈ ਉਹ ਘਰੋਂ ਨਿਕਲ ਪਿਆ ਸੀ।
* ਜੈਨ ਧਰਮ ਦੇ ਪੈਰੋਕਾਰ ਇਸ ਦਿਨ ਨੂੰ ਆਪਣੇ ਸਭ ਤੋਂ ਪਿਆਰੇ ਤੀਰਥੰਕਰ ਸੁਆਮੀ ਮਹਾਂਵੀਰ ਦੇ ਬ੍ਰਹਮ ਗਿਆਨ ਹਾਸਿਲ ਕਰਨ ਅਤੇ ਮੋਕਸ਼ ਭਾਵ ਮੁਕਤੀ ਹਾਸਿਲ ਕਰਨ ਦੇ ਦਿਨ ਵਜੋਂ ਸ਼ਰਧਾਪੂਰਵਕ ਮਨਾਉਂਦੇ ਹਨ। ਜੈਨੀ ਲੋਕ ਵੀ ਰੌਸ਼ਨੀਆਂ ਕਰਦੇ ਹਨ ਤੇ ਇਹ ਮੰਨਦੇ ਹਨ ਕਿ ਦੀਪਕ ਅਤੇ ਮੋਮਬੱਤੀਆਂ ਆਦਿ ਦੀ ਰੌਸ਼ਨੀ ਸੁਆਮੀ ਮਹਾਂਵੀਰ ਜੀ ਦੇ ਪਵਿੱਤਰ ਬ੍ਰਹਮ ਗਿਆਨ ਦੀ ਪ੍ਰਚੰਡ ਲੋਅ ਦੀ ਹੀ ਪ੍ਰਤੀਕ ਹੈ।
* ਇਸ ਦਿਨ ਦੇਸ਼-ਵਿਦੇਸ਼ ਵਿਚ ਵਸੇ ਭਾਰਤੀਆਂ ਵਲੋਂ 'ਧਨ-ਸੰਪਤੀ ਦੀ ਦੇਵੀ' ਕਹੀ ਜਾਂਦੀ 'ਮਾਤਾ ਲਕਸ਼ਮੀ' ਜੀ ਦੀ ਪੂਜਾ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੀਵਾਲੀ ਦਾ ਦਿਨ ਮਾਤਾ ਲਕਸ਼ਮੀ ਜੀ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਇਸੇ ਹੀ ਦਿਨ ਉਨ੍ਹਾਂ ਦੀ ਸ਼ਾਦੀ ਭਗਵਾਨ ਵਿਸ਼ਨੂੰ ਜੀ ਨਾਲ ਹੋਈ ਹੋਣ ਕਰਕੇ ਇਹ ਦਿਨ ਉਨ੍ਹਾਂ ਦੀ ਸ਼ਾਦੀ ਦੀ ਵਰ੍ਹੇਗੰਢ ਵੀ ਹੁੰਦਾ ਹੈ। ਇਸ ਦਿਨ ਪੱਛਮੀ ਬੰਗਾਲ ਦੇ ਵਾਸੀ ਮਾਤਾ ਲਕਸ਼ਮੀ ਦੀ ਪੂਜਾ ਕਰਨ ਦੀ ਥਾਂ ਮਾਤਾ ਦੁਰਗਾ ਜਾਂ ਕਾਲੀ ਮਾਤਾ ਦੀ ਪੂਜਾ ਕਰਦੇ ਹਨ।
* ਸਾਲ 2020 ਵਿਚ ਤਿੰਨ ਹਜ਼ਾਰ ਕਰੋੜ ਰੁਪਏ ਦੇ ਮੁੱਲ ਦੇ ਪਟਾਕੇ ਭਾਰਤ ਵਿਚ ਬਣਾਏ ਗਏ ਸਨ ਤੇ ਸਾਲ 2022 ਵਿਚ 6 ਹਜ਼ਾਰ ਕਰੋੜ ਰੁਪਏ ਦੇ ਪਟਾਕੇ ਬਣਾਏ ਤੇ ਵੇਚੇ ਗਏ ਸਨ ਪਰ ਸਾਲ 2024 ਵਿਚ ਭਾਰਤ ਅੰਦਰ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਬਣਾਏ ਗਏ ਅਤੇ ਵੇਚੇ ਗਏ ਪਟਾਕਿਆਂ ਦੀ ਅੰਦਾਜ਼ਨ ਕੀਮਤ 15 ਹਜ਼ਾਰ ਕਰੋੜ ਮੰਨੀ ਗਈ ਸੀ, ਜਿਸ ਵਿਚੋਂ 6 ਹਜ਼ਾਰ ਕਰੋੜ ਰੁਪਏ ਦੇ ਪਟਾਕੇ ਤਾਂ 'ਪਟਾਕਾ ਨਗਰੀ' ਵਜੋਂ ਜਾਣੇ ਜਾਂਦੇ ਦੱਖਣ ਭਾਰਤ ਦੇ ਸਿਵਾਕਾਸੀ ਵਿਖੇ ਬਣਾਏ ਗਏ ਸਨ ਤੇ ਉਨ੍ਹਾਂ ਦਾ ਇਹ ਉਤਪਾਦਨ ਉਸ ਤੋਂ ਪਿਛਲੇ ਵਰ੍ਹੇ ਨਾਲੋਂ ਸੱਤ ਫ਼ੀਸਦੀ ਜ਼ਿਆਦਾ ਸੀ। ਇਹ ਅੰਕੜੇ ਚੀਕ-ਚੀਕ ਕੇ ਦੱਸਦੇ ਹਨ ਕਿ ਭਾਰਤ ਦੇ ਲੋਕ ਤਿਉਹਾਰ ਮਨਾਉਣ ਦੀ ਖ਼ੁਸ਼ੀ ਵਿਚ ਪਟਾਕਿਆਂ ਨੂੰ ਅੱਗ ਲਾਉਣ ਦੇ ਨਾਲ-ਨਾਲ ਕਿਵੇਂ ਹਰ ਸਾਲ ਆਪਣੀ ਮਿਹਨਤ ਨਾਲ ਕਰੋੜਾਂ ਰੁਪਈਆਂ ਨੂੰ ਵੀ ਪਟਾਕਿਆਂ ਦੇ ਰੂਪ ਵਿਚ ਅੱਗ ਲਗਾ ਕੇ ਫ਼ੂਕ ਰਹੇ ਹਨ ਤੇ ਆਪਣੇ ਹੀ ਸਾਹ ਲੈਣ ਲਈ ਲੋੜੀਂਦੇ ਵਾਤਾਵਰਨ ਦਾ ਘਾਣ ਕਰਕੇ ਕਿਸ ਕਦਰ ਆਪਣਾ ਹੀ ਜਿਊਣਾ ਮੁਹਾਲ ਕਰ ਰਹੇ ਹਨ।
ਦੀਵਾਲੀ ਜਿਹੇ ਪਾਵਨ ਤਿਉਹਾਰ ਨੂੰ ਖ਼ੁਸ਼ੀਆਂ ਅਤੇ ਰੌਸ਼ਨੀਆ ਦਾ ਤਿਉਹਾਰ ਸਮਝ ਕੇ ਮਨਾਉਣ ਤੇ 'ਹਰੀ ਦੀਵਾਲੀ' ਮਨਾਉਣ ਲਈ ਅੱਗੇ ਆਉਣ ਚਾਹੀਦਾ ਹੈ। ਹਰੀ ਦੀਵਾਲੀ ਤੋਂ ਭਾਵ ਹੈ ਕਿ 'ਪਟਾਕਿਆਂ ਨੂੰ ਕਰੋ ਨਾਂਹ' ਤੇ ਦੀਵਾਲੀ ਮੌਕੇ ਹੋਰ ਨਵੇਂ ਬੂਟੇ ਲਗਾ ਕੇ 'ਵਾਤਾਵਰਨ ਨੂੰ ਕਹੋ ਹਾਂ'। ਸੋ, ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਅਤੇ ਯਤਨ ਕਰੀਏ ਕਿ ਇਹ ਦੀਵਾਲੀ ਸਭ ਲਈ 'ਸੁਰੱਖਿਅਤ, ਹਰਿਆਵਲ ਭਰੀ ਅਤੇ ਖ਼ੁਸ਼ੀਆਂ ਭਰੀ' ਹੋਵੇ। ਇਸ ਮੌਕੇ ਪਟਾਕੇ ਚਲਾ ਕੇ ਨਾ ਤਾਂ ਪ੍ਰਦੂਸ਼ਣ ਫ਼ੈਲਾਇਆ ਜਾਵੇ ਤੇ ਨਾ ਹੀ ਪਟਾਕਿਆਂ ਦੇ ਸ਼ੋਰ ਨਾਲ ਮਰੀਜ਼ਾਂ, ਬਜ਼ੁਰਗਾਂ ਅਤੇ ਨਿੱਕੜੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ। ਇਸ ਦਿਨ ਨੂੰ ਨਫ਼ਰਤ ਭੁਲਾ ਕੇ ਪਿਆਰ ਵੰਡਣ ਅਤੇ ਨਿਰਾਸ਼ਾ ਛੱਡ ਕੇ ਆਸ ਦਾ ਦੀਪਕ ਜਗਾਉਣ ਦੇ ਰੂਪ ਵਿਚ ਮਨਾਇਆ ਜਾਵੇ ਅਤੇ ਆਪਣੇ ਨਾਲ-ਨਾਲ ਸਰਬੱਤ ਦਾ ਭਲਾ ਵੀ ਮੰਗਿਆ ਕੀਤਾ ਜਾਵੇ।

-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਸਰਹੱਦੋਂ ਪਾਰ ਵੀ ਅਗਲੀ ਖ਼ਬਰ ਸਾਂਝੀਵਾਲਤਾ ਦਾ ਪੈਗ਼ਾਮ
Ad Position 24
No active advertisement