ਨੋਬਲ ਪੁਰਸਕਾਰ ਜੇਤੂ ਗੁਰੂ ਦੇਵ ਟੈਗੋਰ ਜੀ ਅਰਜ਼ ਕਰਦੇ ਹਨ 'ਹੇ ਪ੍ਰਮਾਤਮਾ! ਮੈਨੂੰ ਹਨ੍ਹੇਰੇ ਤੋਂ ਰੌਸ਼ਨੀ ਵੱਲ ਲੈ ਚੱਲ।' ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੌਸ਼ਨੀ ਫੈਲਾਉਂਦਾ ਹੈ। ਇਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੌਸ਼ਨ ਕਰਦੀਆਂ ਹਨ।
ਆਪਣੇ ਸੰਗ ਖੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾਂ ਦਾ ਪੈਗ਼ਾਮ ਲੈ ਕੇ ਆਉਣ ਵਾਲੀ ਅਤੇ ਹਨ੍ਹੇਰੀ ਰਾਤ ਚਾਨਣ ਦਾ ਡੰਕਾ ਵਜਾਉਣ ਵਾਲੀ, ਤਿਉਹਾਰਾਂ ਦੀ ਰਾਣੀ ਦਾ ਨਾਂਅ ਹੈ-ਰੌਸ਼ਨੀਆਂ ਵਾਲੀ, ਆਸਾਂ ਵਾਲੀ, ਦੀਵਿਆਂ ਵਾਲੀ, ਪਟਾਕਿਆਂ ਵਾਲੀ-ਦੀਪਾਵਲੀ ਭਾਵ ਦੀਵਾਲੀ। ਦੀਵਾਲੀ ਵਾਲੀ ਰਾਤ ਦਾ ਪ੍ਰਕਾਸ਼, ਰੌਸ਼ਨੀ ਤੇ ਜਗਮਗਾਹਟ ਹੈ ਇਹ ਗੱਲ ਕਮਾਲ ਦੀ ਤਾਂ ਹੈ, ਪਰ ਹੈ ਤਾਂ ਪ੍ਰਤੀਕ ਮਾਤਰ ਤੇ ਇਕ-ਦਿਵਸੀ। ਯਕੀਨਨ, ਸਾਡੀ ਲੋੜ ਮੁਤਾਬਕ ਇਹ ਨਾਕਾਫ਼ੀ ਫ਼ਰਮਾਨ ਹੈ।
ਸਭ ਤੋਂ ਪਹਿਲੀ ਗੱਲ, ਇਕ ਦਿਨ ਦੀਵੇ, ਮੋਮਬੱਤੀਆਂ ਤੇ ਬਲਬ ਜਗਾ ਕੇ ਸਾਰਾ ਸਾਲ ਆਲਾ-ਦੁਆਲਾ ਪ੍ਰਕਾਸ਼ਿਤ ਨਹੀਂ ਹੋਣਾ। ਗੁੜ ਦੀ ਇਕ ਡਲੀ ਨਾਲ ਟੋਭਾ ਮਿੱਠਾ ਨਹੀਂ ਹੋਣਾ। ਇਕ ਦਿਨ ਝਾੜੂ ਲਗਾ ਕੇ ਭਾਰਤ ਸਵੱਛ ਨਹੀਂ ਹੋਣਾ, ਬਲਕਿ ਹਰ ਰੋਜ਼ ਸਫ਼ਾਈ ਰੱਖ ਕੇ, ਹਰ ਦਿਨ ਗਿਆਨ ਦੇ ਦੀਵੇ ਬਾਲ ਕੇ ਦੀਵਾਲੀ ਵਰਗਾ ਵਾਤਾਵਰਨ ਸਿਰਜਣ ਦੀ ਲੋੜ ਹੈ। ਬਨਾਉਟੀ ਚਾਨਣ ਨਾਲ ਮਨ-ਮਸਤਕ ਦਾ ਹਨ੍ਹੇਰਾ ਦੂਰ ਨਹੀਂ ਹੋਣਾ। ਸ਼ਾਇਰ ਦੇ ਦਿਲਕਸ਼ ਸ਼ਬਦ ਧਿਆਨ ਖਿੱਚਦੇ ਨੇ:
ਨਾ ਤਾਰੀਕੀ (ਹਨ੍ਹੇਰਾ) ਮੇਰੇ ਦਿਲ ਕੀ ਗਈ,
ਚਮਕਤੇ ਸਿਤਾਰੇ ਕੋ ਮੈਂ ਕਿਆ ਕਰੂੰ,
ਦੇ ਸਕੇ ਤੋ ਦੇ ਦੇ ਦਿਲ ਕੀ ਖੁਸ਼ੀ,
ਲਾਖੋਂ ਹਜ਼ਾਰੋਂ ਕੋ ਮੈਂ ਕਿਆ ਕਰੂੰ।
ਯਕੀਨਨ, ਦੀਵਾਲੀ ਸਾਂਝੀਵਾਲਤਾ ਦਾ ਪੈਗ਼ਾਮ ਤਾਂ ਦਿੰਦੀ ਹੈ, ਪਰੰਤੂ ਕੀ ਮਹਿਲਾਂ ਵਾਲਿਆਂ ਦੀ ਤੇ ਢੋਕਾਂ, ਝੁੱਗੀ-ਝੌਂਪੜੀ ਵਾਲਿਆਂ ਦੀ ਦੀਵਾਲੀ ਵਿਚ ਸਮਾਨਤਾ ਤੇ ਸਾਂਝੀਵਾਲਤਾ ਨਜ਼ਰ ਆਉਂਦੀ ਹੈ? ਬਿਲਕੁਲ ਨਹੀਂ। ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਜ਼ਰਾ ਸੋਚੋ, ਕੀ ਸਭਨਾਂ ਦੀ ਸਮਾਨ ਸ਼ਮੂਲੀਅਤ ਬਗ਼ੈਰ, ਦੀਵਾਲੀ ਦੇ ਜਸ਼ਨ ਬੌਣੇ, ਊਣੇ ਤੇ ਲੰਗੜੇ ਨਹੀਂ? ਕਿੱਡੀ ਅਫ਼ਸੋਸਨਾਕ ਹਕੀਕਤ ਹੈ ਕਿ ਪੌਣੀ ਸਦੀ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਅੱਜ ਵੀ ਭੁੱਖੇ ਢਿੱਡ ਸੌਣ ਵਾਲਿਆਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਮਜ਼ਲੂਮਾਂ, ਨਿਮਾਣਿਆਂ-ਨਿਤਾਣਿਆਂ ਸਤਾਇਆਂ ਤੇ ਲਤਾੜਿਆਂ ਨੂੰ ਦੀਵਾਲੀ ਮੁਬਾਰਕ ਕਹਿਣਾ, ਉਨ੍ਹਾਂ ਨੂੰ ਮਖ਼ੌਲ ਕਰਨ ਦੇ ਸਮਾਨ ਹੈ। ਮਨੁੱਖ-ਮਨੁੱਖ ਵਿਚਲਾ ਪਾੜਾ ਨਹੀਂ ਘਟਿਆ। ਅਸੀਂ ਅਗਿਆਨਤਾ, ਅਨਪੜ੍ਹਤਾ, ਅਨੁਸ਼ਾਸਨਹੀਣਤਾ ਤੇ ਅਸ਼ਲੀਲਤਾ ਤੋਂ ਉੱਪਰ ਉੱਠ ਕੇ ਗਿਆਨ, ਸਾਖ਼ਰ, ਅਨੁਸ਼ਾਸਿਤ, ਸੰਜਮ, ਨਿਮਰ ਤੇ ਨਿਰਵੈਰ ਸਮਾਜ ਨਹੀਂ ਉਸਾਰ ਸਕੇ। ਸਾਡੇ ਜੀਵਨ ਵਿਚ ਈਰਖਾ, ਸਾੜਾ, ਵੈਰ-ਵਿਰੋਧ, ਬੇਈਮਾਨੀ, ਘਪਲੇਬਾਜ਼ੀ, ਭਾਈ-ਭਤੀਜਾਵਾਦ, ਖੇਤਰਵਾਦ, ਭਾਸ਼ਾਵਾਦ, ਜਾਤੀਵਾਦ, ਸ਼੍ਰੇਣੀਵਾਦ, ਵੱਖਵਾਦ ਤੇ ਭ੍ਰਿਸ਼ਟਾਚਾਰ ਵਰਗੇ ਅਗਿਆਨਤਾ ਭਰੇ ਰੂੜੀਵਾਦੀ ਵਿਚਾਰਾਂ ਦਾ ਬੇਹੱਦ ਦਖ਼ਲ ਹੈ। ਅਸੀਂ ਪਿਆਰ-ਮੁਹੱਬਤ, ਸਦਭਾਵਨਾ, ਆਪਸੀ-ਭਾਈਚਾਰੇ ਤੇ ਸਹਿਯੋਗ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ।
ਗੱਲ ਸੋਚ ਬਦਲਣ ਦੀ ਹੈ। ਨਜ਼ਰ ਬਦਲਣ ਨਾਲ ਨਜ਼ਾਰੇ ਬਦਲ ਜਾਂਦੇ ਨੇ। ਕਿਸ਼ਤੀਆਂ ਦੇ ਬਦਲਣ ਨਾਲ ਗੱਲ ਨਹੀਂ ਬਣਨੀ, ਦਿਸ਼ਾਂ ਬਦਲੋ, ਕਿਨਾਰੇ ਬਦਲ ਜਾਂਦੇ ਨੇ। ਦੀਵਾਲੀ ਮਨਾਉਣ ਦੇ ਕਲਿਆਣਕਾਰੀ ਢੰਗ ਤਲਾਸ਼ ਕੀਤੇ ਜਾਣ। ਕਰੋੜਾਂ ਰੁਪਏ ਦਾ ਬਾਰੂਦ ਫੂਕ ਕੇ ਵਾਤਾਵਰਨ ਨੂੰ ਦੂਸ਼ਿਤ-ਪ੍ਰਦੂਸ਼ਿਤ ਨਾ ਕੀਤਾ ਜਾਵੇ। ਬੰਬ-ਪਟਾਕੇ, ਸ਼ੋਰ-ਸ਼ਰਾਬੇ ਦੇ ਆਲਮ ਵਿਚ ਵਾਧਾ ਕਰਨਾ, ਸਾਨੂੰ ਕਿਤੇ ਅੰਨ੍ਹੇ-ਬਹਿਰੇ ਨਾ ਬਣਾ ਦੇਵੇ। ਜੂਆ-ਸੱਟਾ, ਪਵਿੱਤਰ ਤਿਉਹਾਰ ਦੀ ਪਵਿੱਤਰਤਾ ਨੂੰ ਭੰਗ ਨਾ ਕਰ ਦੇਵੇ। ਅਮੀਰਜ਼ਾਦਿਆਂ ਦੀਆਂ ਰੀਸਾਂ ਕਰਕੇ, ਦੀਵਾਲੀ ਵਾਲੇ ਦਿਨ ਦੀਵਾਲਾ ਨਾ ਕੱਢੋ। ਚਾਦਰ ਦੇਖ ਕੇ ਪੈਰ ਪਸਾਰੋ। ਵਿਉਪਾਰਕ ਪੱਧਰ 'ਤੇ ਤਿਆਰ, ਗਰਦ, ਧੂੜ ਤੇ ਮੱਛਰ ਮੱਖੀਆਂ ਦੀ ਰਾਖੀ ਰੱਖੀਆਂ, ਨੰਗੀਆਂ ਮਠਿਆਈਆਂ ਦਾ ਸੇਵਨ ਨਾ ਕਰੋ। ਉਪਹਾਰ ਵਜੋਂ ਪੁਸਤਕਾਂ ਤੇ ਬੂਟਿਆਂ ਦਾ ਆਦਾਨ-ਪ੍ਰਦਾਨ ਕਰਨਾ ਸਿਆਣਪ ਹੈ। ਫੌਕੇ ਤੇ ਝੂਠੇ ਵਾਅਦਿਆਂ ਤੇ ਐਲਾਨਾਂ ਨਾਲ ਤਸਵੀਰ ਨਹੀਂ ਬਦਲਣੀ। ਹਨ੍ਹੇਰੇ ਵਿਚ ਬੈਠੇ ਗੁਰਬਤ ਦੇ ਮਾਰਿਆਂ ਦੀ ਬਿਹਤਰੀ ਲਈ ਕੁੱਲੀ, ਜੁੱਲੀ ਤੇ ਗੁੱਲੀ ਨੂੰ ਹਰ ਇਕ ਦੇ ਦਰ ਤੱਕ ਪਹੁੰਚਾਉਣ ਲਈ ਠੋਸ ਕਦਮਾਂ ਨੂੰ ਅਮਲੀਜਾਮਾ ਪਹਿਨਾਉਣ ਦੀ ਫ਼ੌਰੀ ਲੋੜ ਹੈ।
ਆਓ, ਦੀਵਾਲੀ ਦੇ ਯਾਦਗਾਰੀ, ਇਤਿਹਾਸਕ ਤੇ ਪਵਿੱਤਰ ਦਿਹਾੜੇ 'ਤੇ ਸਾਂਝੀਵਾਲਤਾ ਦਾ ਹੋਕਾ ਦੇਈਏ, ਏਕ ਪਿਤਾ ਏਕਸ ਕੇ ਹਮ ਬਾਰਕ ਦੀ ਹਕੀਕਤ ਨੂੰ ਜਾਣੀਏ ਤੇ ਮਾਨਸ ਦੀ ਜਾਤ ਨੂੰ ਇਕ ਹੀ ਪਹਿਚਾਣੀਏ। ਜਾਤ ਨਹੀਂ, ਜੋਤ ਨੂੰ ਪਹਿਚਾਣੀਏ। ਰੰਗ, ਨਸਲ, ਭੇਦਭਾਵ ਵਾਲੀ ਕੌੜੀ ਤੇ ਸੌੜੀ ਸੋਚ ਮਨਾਂ 'ਚੋਂ ਕੱਢੀਏ। ਮਨੁੱਖਤਾ ਵਿਚਲੀ ਸੰਕੀਰਣਤਾ ਖ਼ਤਮ ਕਰੀਏ, ਮਿਲਜੁਲ ਕੇ ਚੱਲੀਏ, ਜੁੜ ਕੇ ਵਸੀਏ, ਰਲ ਕੇ ਹੱਸੀਏ। ਦਇਆ, ਧਰਮ, ਸਦਭਾਵਨਾ ਅਤੇ ਗਿਆਨ ਦਾ ਚੌਮੁਖੀਆ ਦੀਵਾ ਬਾਲੀਏ। ਮਨੁੱਖਤਾ ਦੇ ਮਨਾਂ ਅੰਦਰਲਾ ਹਨ੍ਹੇਰਾ ਇਕ ਦਿਨ ਜ਼ਰੂਰ ਦੂਰ ਹੋ ਜਾਵੇਗਾ ਅਤੇ ਸਾਰਾ ਸੰਸਾਰ ਆਪ-ਮੁਹਾਰੇ ਹੀ ਜਗਮਗਾ ਉੱਠੇਗਾ।
(ਲੇਖਕ ਦਸ ਵਿਸ਼ਿਆਂ ਵਿਚ ਐਮ.ਏ. ਪਾਸ ਗੋਲਡ ਮੈਡਲਿਸਟ ਸਟੇਟ ਐਵਾਰਡੀ ਹੈ)
ਮੋਬਾਈਲ : 94171-76877