ਆ ਰੁਸ਼ਨਾਈਏ ਰਾਤ...ਮਿੱਟੀ ਦਿਆ ਦੀਵਿਆ।
ਉਸ ਪਿਛੋਂ ਪ੍ਰਭਾਤ...ਮਿੱਟੀ ਦਿਆ ਦੀਵਿਆ।
ਆ ਰੁਸ਼ਨਾਈਏ ਰਾਤ...
ਤੂੰ ਹੈਂ ਤਾਅ ਆਵੇ ਦਾ ਝੱਲਿਆ।
ਮੈਂ ਵੀ ਹਾਂ ਪੀੜਾਂ ਦਾ ਸੱਲ੍ਹਿਆ।
ਸਾਵਾਂ ਹੈ ਸਾਡਾ ਅਨੁਪਾਤ...ਮਿੱਟੀ ਦੇ ਦੀਵਿਆ।
ਤੇਰੀ ਮੇਰੀ ਇਕ ਕਹਾਣੀ।
ਅਣਖੀ ਜੀਣਾ ਜਾਂ ਕੁਰਬਾਨੀ।
ਸੂਲੀ ਮਿਲੂ ਸੌਗਾਤ...ਮਿੱਟੀ ਦੇ ਦੀਵਿਆ।
ਤੂੰ ਵੀ ਚਾਨਣ ਖ਼ਾਤਿਰ ਸੜਿਆ।
ਮੈਂ ਵੀ ਸੱਚ ਦੀ ਖ਼ਾਤਿਰ ਲੜਿਆ।
ਹੈ ਇਹੀ ਰੱਬੀ ਦਾਤ...ਮਿੱਟੀ ਦੇ ਦੀਵਿਆ।
ਨਾ ਸਹੀ ਮੀਰਾਂ ਜਿਹੀ ਭਗਤੀ।
ਨਾ ਸਹੀ ਮਹਾਂਦੇਵ ਜਿਹੀ ਸ਼ਕਤੀ।
ਆ ਬਣੀਏ ਸੁਕਰਾਤ...ਮਿੱਟੀ ਦੇ ਦੀਵਿਆ।
ਨ੍ਹੇਰਾ ਹੈ ਡਾਢਾ ਜਰਵਾਣਾ।
ਚਾਹੁੰਦਾ ਹੈ ਚਾਨਣ ਨੂੰ ਖਾਣਾ।
ਬੈਠਾ ਹੈ ਲਾਈ ਘਾਤ...ਮਿੱਟੀ ਦਿਆ ਦੀਵਿਆ।
ਆ ਦੋਵੇਂ 'ਕੱਠੇ ਹੋ ਜਾਈਏ।
'ਲੋਚੀ' ਨੂੰ ਵੀ ਨਾਲ ਰਲਾਈਏ।
ਨ੍ਹੇਰ ਨੂੰ ਦਈਏ ਮਾਤ..ਮਿੱਟੀ ਦਿਆ ਦੀਵਿਆ,
ਕੀ ਇਸ ਦੀ ਔਕਾਤ...ਮਿੱਟੀ ਦਿਆ ਦੀਵਿਆ।
20 ਸੈਕਿੰਡ ਫਲੋਰ, ਐਚ.ਆਈ.ਜੀ., ਰਾਜਗੁਰੂ ਨਗਰ, ਲੁਧਿਆਣਾ। ਮੋਬਾਈਲ : 98142-53315