ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ : ਹਨੇਰੇ ਮਨਾਂ ਨੂੰ ਰੌਸ਼ਨ ਕਰੀਏ

Ad Position 21
No active advertisement
ਅਜੀਤ ਡੈਸਕ 20-10-2025

ਧਰਤੀ ਦੇ ਕਿਸੇ ਵੀ ਕੋਨੇ ਵਿਚ ਵਸੇ ਮਨੁੱਖ ਲਈ, ਉਥੋਂ ਦੇ ਸੱਭਿਆਚਾਰਕ ਤਿਉਹਾਰ ਤੇ ਹੋਰ ਉਤਸਵ ਬਹੁਤ ਗੌਰਵਸ਼ਾਲੀ ਹੁੰਦੇ ਹਨ। ਇਹ ਉੱਥੇ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ਸਮਾਜਿਕ ਸਬੰਧਾਂ ਤੇ ਰਹੁ-ਰੀਤਾਂ ਦਾ ਸ਼ੀਸ਼ਾ ਹੁੰਦੇ ਹਨ। ਭਾਰਤ ਤਾਂ ਤਿਉਹਾਰਾਂ ਦੀ ਭੂਮੀ ਹੈ। ਇੱਥੋਂ ਦੀ ਵਿਸ਼ਾਲਤਾ ਤੇ ਵਿਲੱਖਣਤਾ ਹੀ ਇਹੀ ਹੈ ਕਿ ਇੱਥੇ ਤਾਂ ਹਰ ਦਿਨ ਹੀ ਕਿਸੇ ਨਾ ਕਿਸੇ ਖੇਤਰ ਵਿਚ ਲੋਕ ਤਿਉਹਾਰ ਮਨਾ ਰਹੇ ਹੁੰਦੇ ਹਨ। ਰੌਸ਼ਨੀਆਂ ਦਾ ਤਿਉਹਾਰ ਦੀਵਾਲੀ, ਭਾਰਤ ਦੇ ਲੋਕਾਂ ਦੇ ਮਨ ਵਿਚ ਇਸ ਕਦਰ ਡੂੰਘਾ ਵਸਿਆ ਹੋਇਆ ਹੈ ਕਿ ਹਰ ਕੋਈ ਇਸ ਤਿਉਹਾਰ ਦੀ ਉਡੀਕ ਕਰਦਾ ਹੈ। ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਦੇ ਜਿਸ ਦੇਸ਼ ਵਿਚ ਵੀ ਭਾਰਤੀ ਵਸੇ ਹੋਏ ਹਨ, ਉਹ ਇਸ ਤਿਉਹਾਰ ਨੂੰ ਖੁਸ਼ੀਆਂ ਖੇੜਿਆਂ ਸੰਗ ਰਵਾਇਤੀ ਰੂਪ ਵਿਚ , ਦੀਵੇ ਤੇ ਮੋਮਬੱਤੀਆਂ ਬਾਲ ਕੇ ਮਨਾਉਂਦੇ ਹਨ।
ਪੁਰਾਤਨ ਸਮਿਆਂ ਵਿਚ ਲੋਕ, ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਦੀ ਰਾਤ ਘਰਾਂ ਵਿਚ ਰੌਸ਼ਨੀ ਦਾ ਇਹ ਤਿਉਹਾਰ ਚਾਵਾਂ ਤੇ ਮਨ ਦੀ ਖੁਸ਼ੀ ਨਾਲ ਮਨਾਉਂਦੇ ਸਨ। ਅਜੋਕੇ ਸਮਿਆਂ ਵਿਚ ਬਿਜਲੀ ਦੀ ਬਦੌਲਤ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਸਦਕਾ ਰੌਸ਼ਨੀਆਂ ਦੀ ਚਕਾਚੌਂਧ ਨਾਲ ਪਿੰਡ ਤੇ ਸ਼ਹਿਰ ਜਗਮਗਾ ਉਠਦੇ ਹਨ। ਦੀਵਾਲੀ ਦਾ ਤਿਉਹਾਰ ਲੋਕ ਮਨਾਂ ਵਿਚ ਬਹੁਤ ਡੂੰਘਾ ਵਸਿਆ ਹੋਇਆ ਹੈ। ਸਿੱਖ ਧਰਮ ਵਿਚ ਇਹ ਤਿਉਹਾਰ 'ਬੰਦੀ ਛੋੜ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਗੁਰੂ ਹਰਿਗੋਬਿੰਦ ਸਾਹਿਬ ਜੀ ਹੋਰ ਹਿੰਦੂ ਰਾਜਿਆਂ ਸਮੇਤ ਰਿਹਾਈ ਉਪਰੰਤ ਜਦੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਤਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਲੂਆਂ ਵਲੋਂ ਦੀਪਮਾਲਾ ਕੀਤੀ ਗਈ।
ਸਮੇਂ ਦੇ ਬੀਤਣ ਨਾਲ ਤਿਉਹਾਰਾਂ ਦੇ ਅਰਥ ਵੀ ਬਦਲ ਗਏ ਹਨ। ਅਜੋਕੇ ਸਮਿਆਂ ਵਿਚ ਜੀਵਨ ਦੀ ਸਜ-ਧਜ ਤੇ ਜਲੌਅ ਕਾਰਨ, ਤਿਉਹਾਰਾਂ ਦਾ ਰੰਗ-ਢੰਗ ਵੀ ਬਿਲਕੁਲ ਬਦਲ ਗਿਆ ਹੈ। ਰੌਸ਼ਨੀਆਂ ਦੀ ਚਕਾਚੌਂਧ ਦਾ ਤਾਂ ਕੋਈ ਅੰਤ ਪਾਰਾਵਾਰ ਨਹੀਂ ਹੈ। ਤਿਉਹਾਰਾਂ ਦੇ ਦਿਨਾਂ ਵਿਚ ਬਾਜ਼ਾਰ ਇਸ ਕਦਰ ਸਜ-ਧਜ ਜਾਂਦੇ ਹਨ ਕਿ ਆਮ ਵਿਅਕਤੀ ਦੇਖ ਕੇ ਹੀ ਹੈਰਾਨ ਹੋਈ ਜਾਂਦਾ ਹੈ। ਸਾਰਾ ਕੁਝ ਹੀ ਪੈਸੇ ਨਾਲ ਜੁੜ ਗਿਆ ਹੈ ਤੇ ਆਮ ਸਾਧਾਰਨ ਮਨੁੱਖ ਆਪਣੀ ਆਰਥਿਕ ਸਥਿਤੀ ਦੇ ਡਾਵਾਂਡੋਲ ਹੋਣ ਕਾਰਨ, ਇਸ ਬਨਾਉਟੀ ਚਕਾਚੌਂਧ ਤੋਂ ਵਿਚਲਤ ਹੋਇਆ ਮਨ-ਮਸੋਸ ਕੇ ਰਹਿ ਜਾਂਦਾ ਹੈ। ਆਲੇ ਦੁਆਲੇ ਫੈਲੀਆਂ ਰੌਸ਼ਨੀਆਂ ਤੋਂ ਲਗਦਾ ਹੈ ਜਿਵੇਂ ਗੂੜ੍ਹਾ ਹਨ੍ਹੇਰਾ ਕਿਤੇ ਅਲੋਪ ਹੋ ਗਿਆ ਹੋਵੇ। ਜੇ ਗਹੁ ਨਾਲ ਸਮੁਚੇ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਬਾਹਰੀ ਜਗਮਗਾਹਟ ਕਰਨ ਦਾ ਭਰਮ ਸਦੀਆਂ ਤੋਂ ਸਾਡੇ ਮਨਾਂ 'ਤੇ ਛਾਇਆ ਹੋਇਆ ਹੈ। ਜਿਉਂ ਜਿਉਂ ਰੌਸ਼ਨੀਆਂ ਦੀ ਜਗਮਗਾਹਟ ਵਧੀ ਹੈ, ਤਿਉਂ ਤਿਉਂ ਹੀ ਮਨਾਂ ਦੇ ਆਕਾਸ਼ 'ਤੇ ਹਨ੍ਹੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ।
ਜੀਵਨ ਨੂੰ ਸੁਖਦਾਈ ਬਣਾਉਣ ਲਈ ਮਨੁੱਖ ਨੇ ਨਿੱਜੀ ਹਿੱਤਾਂ ਦੀ ਖ਼ਾਤਿਰ ਲਾਲਚ ਤੇ ਸਵਾਰਥ ਦਾ ਰਾਹ ਫੜ ਲਿਆ ਹੈ। ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਿਕ ਕਦਰਾਂ-ਕੀਮਤਾਂ ਨੂੰ ਉਲੰਘ ਕੇ ਉਸ ਰਾਹ 'ਤੇ ਤੁਰ ਪਿਆ ਹੈ ਜਿਹੜਾ ਹਨੇਰੀ ਤੇ ਅੰਨ੍ਹੀ ਗੁਫਾ ਵੱਲ ਜਾਂਦਾ ਹੈ। ਧਨ ਤੇ ਜਾਇਦਾਦ ਦੇ ਲਾਲਚ ਵਿਚ ਮਨੁੱਖ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ ਕਿ ਉਹ ਸਭ ਕੁਝ ਹੜੱਪ ਜਾਣ ਲਈ ਨੇੜਲੇ ਤੇ ਗੂੜ੍ਹੇ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਪਲ ਨਹੀਂ ਲਾਉਂਦਾ। ਹਰ ਰੋਜ਼ ਹੀ ਅਖ਼ਬਾਰਾਂ ਵਿਚ ਅਜਿਹੀਆਂ ਖ਼ਬਰਾਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਮਨੁੱਖੀ ਮਨ ਦੀ ਵਹਿਸ਼ਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ। ਔਰਤ ਅੱਜ ਵੀ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਸਮਾਜਿਕ ਜੀਵਨ ਵਿਚ ਔਰਤ ਨੂੰ ਜਿਹੜਾ ਆਦਰ ਸਤਿਕਾਰ ਮਿਲਣਾ ਚਾਹੀਦਾ ਹੈ, ਉਸ ਤੋਂ ਉਹ ਅਜੇ ਵੀ ਵਿਰਵੀ ਹੈ। ਬਾਲੜੀਆਂ, ਕੁੜੀਆਂ ਤੇ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਨਿੱਤ ਦਿਨ ਜਬਰ-ਜਨਾਹ ਤੇ ਮਨੁੱਖੀ ਦਰਿੰਦਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਇਸ ਗੱਲ ਦਾ ਪ੍ਰਮਾਣ ਹੈ ਕਿ, ਸਿੱਖਿਆ ਦੀ ਆਧੁਨਿਕ ਰੌਸ਼ਨੀ ਦੇ ਦਾਅਵੇ ਕਿੰਨੇ ਖੋਖਲੇ ਹਨ, ਤੇ ਸਾਡੇ ਅੰਦਰ ਕਿੰਨਾ ਹਨੇਰ ਹੈ।
ਭਾਸ਼ਾ, ਧਰਮ ਤੇ ਜਾਤ ਬਰਾਦਰੀ ਦੇ ਨਾਂ ਉੱਤੇ ਮਨੁੱਖ ਦੀ ਸੋਚ ਏਨੀ ਸੰਕੀਰਨ ਹੋ ਗਈ ਹੈ ਕਿ ਇਹ ਅਜੋਕੇ ਮਨੁੱਖ ਦੇ ਮਨ ਵਿਚ ਪਸਰੇ ਹਨ੍ਹੇਰੇ ਦੀ ਜਿਊਂਦੀ ਜਾਗਦੀ ਮਿਸਾਲ ਹੈ। ਜਾਪਦਾ ਇਹੀ ਹੈ ਕਿ ਅਜੋਕੇ ਸਮਿਆਂ 'ਚ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਪਰ ਸਾਡੀ ਸੋਚ ਤੇ ਵਿਹਾਰ ਦਾ ਦਾਇਰਾ ਬਹੁਤ ਸੌੜਾ ਹੋ ਗਿਆ ਹੈ। ਜਿਉਂ ਜਿਉਂ ਮਨੁੱਖ ਅਖਾਉਤੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ। ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ। ਧਨ ਇਕੱਠਾ ਕਰਨ ਦੀਆਂ ਕਰਮ-ਕਾਂਡੀ ਜੁਗਤਾਂ ਅਪਣਾ ਕੇ ਲੋਕਾਂ ਨੂੰ ਔਝੜ ਰਾਹ ਪਾਇਆ ਜਾ ਰਿਹਾ ਹੈ। ਕਿਸੇ ਦੂਸਰੇ ਧਰਮ ਪ੍ਰਤੀ, ਕਿਸੇ ਦੂਸਰੇ ਵਿਚਾਰ, ਪ੍ਰਤੀ ਅਜਿਹੇ ਉਲਾਰਪਨ ਅਤੇ ਦਹਿਸ਼ਤ ਤੇ ਨਫ਼ਰਤ ਦਾ ਵਾਤਾਵਰਨ ਸਿਰਜ ਦਿੱਤਾ ਜਾਂਦਾ ਹੈ ਜਿਸ ਵਿਚ ਸਹਿਣਸ਼ੀਲਤਾ, ਉਦਾਰਤਾ ਤੇ ਭਾਈਚਾਰਕ ਸੰਵੇਦਨਾ ਕਿਤੇ ਵੀ ਨਜ਼ਰ ਨਹੀਂ ਆਉਂਦੀ।
ਬਿਨਾਂ ਸ਼ੱਕ ਵਿੱਦਿਆ ਦਾ ਬਹੁਤ ਪਸਾਰ ਹੋਇਆ ਹੈ, ਪਰ ਸਿਖਿਆ ਨਾਲ ਮਨੁੱਖ ਦਾ ਤੀਜਾ ਨੇਤਰ ਨਹੀਂ ਖੁੱਲ੍ਹਿਆ। ਅਜੋਕੇ ਸਮੇਂ ਵਿਚ ਵੀ ਗ਼ੈਰ-ਵਿਗਿਆਨਕਤਾ ਤੇ ਤਰਕਹੀਣ ਸੋਚ ਭਾਰੂ ਹੈ। ਸਮਾਜ ਦਾ ਵੱਡਾ ਹਿੱਸਾ ਅੱਜ ਵੀ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਗੂੜ੍ਹੇ ਹਨੇਰਿਆਂ ਵਿਚ ਜਕੜਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿਚ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਬਾਬਿਆਂ, ਤਾਂਤਰਿਕਾਂ, ਸਵਾਮੀਆਂ ਤੇ ਅਜਿਹੇ ਹੋਰ ਦੰਭੀਆਂ ਦੇ ਵੱਡੇ ਵੱਡੇ ਆਲੀਸ਼ਾਨ ਮਹੱਲਾਂ ਵਰਗੇ ਡੇਰਿਆਂ ਦੀ ਉਸਾਰੀ ਬਹੁਤ ਵੱਡੇ ਪੱਧਰ 'ਤੇ ਹੋਈ ਹੈ। ਅਨਪ੍ਹੜ ਲੋਕ ਹੀ ਨਹੀਂ, ਸਗੋਂ ਪੜ੍ਹੇ-ਲਿਖੇ ਲੋਕ ਵੀ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਇਛਾਵਾਂ ਦੀ ਪੂਰਤੀ ਲਈ ਇਨ੍ਹਾਂ ਡੇਰਿਆਂ ਉੱਤੇ ਜਾ ਕੇ ਮੱਥੇ ਰਗੜਦੇ ਦੇਖੇ ਜਾ ਸਕਦੇ ਹਨ।
ਆਰਥਿਕ ਰੂਪ ਵਿਚ ਪਛੜੇ ਤੇ ਸਾਧਨਹੀਣ, ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਾ ਕੋਈ ਅਰਥ ਨਹੀਂ ਹੈ। ਸਚਾਈ ਇਹ ਹੈ ਕਿ ਉਹ ਹਨੇਰੇੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨੇਰਾ ਢੋਂਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ। ਇਸ ਭਾਰਤ ਮਹਾਨ ਦੇ ਕਰੋੜਾਂ ਘਰਾਂ ਵਿਚ ਤਾਂ ਸ਼ਾਇਦ ਹਰ ਰੋਜ਼ ਇਕ ਨਿੱਕਾ ਜਿਹਾ ਦੀਵਾ ਵੀ ਨਾ ਬਲਦਾ ਹੋਵੇ, ਪਰ ਲੁੱਟ ਦੀ ਕਮਾਈ ਨਾਲ ਉੱਸਰੇ ਵੱਡੇ-ਵੱਡੇ ਮਹਿਲਾਂ ਵਿਚ ਨਿੱਤ ਹੀ ਦੀਵਾਲੀ ਜਿਹੀਆਂ ਰੌਸ਼ਨੀਆਂ ਦੀ ਚਕਾਚੌਂਧ ਦੇਖੀ ਜਾ ਸਕਦੀ ਹੈ। ਇਕ ਪਾਸੇ ਦੇਸ਼ ਦੇ ਅਮੀਰਾਂ ਦੀ ਦੌਲਤ ਛੜੱਪੇ ਮਾਰ ਕੇ ਵਧ ਰਹੀ ਹੈ, ਦੂਜੇ ਪਾਸੇ ਭੁੱਖਮਰੀ ਕਰੋੜਾਂ ਦੇਸ਼ਵਾਸੀਆਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਬੇਰੁਜ਼ਗਾਰੀ ਨੇ ਨੰਜਵਾਨਾਂ ਨੂੰ ਸਾਹ ਸਤਹੀਣ ਕਰ ਦਿੱਤਾ ਹੈ। ਜਦੋਂ ਭਵਿੱਖ ਧੁੰਦਲਾ ਹੋਵੇ, ਮਨਾਂ ਵਿਚ ਕੋਈ ਚਾਅ ਹੀ ਨਾ ਰਿਹਾ ਹੋਵੇ ਤਾਂ, ਕੀਹਨੂੰ ਭਾਉਂਦੇ ਹਨ ਅਜਿਹੇ ਤਿਉਹਾਰ।
ਇਸ ਵਾਰ ਤਾਂ ਪੰਜਾਬ ਦੇ ਬਹੁਤੇ ਲੋਕਾਂ ਲਈ ਦੀਵਾਲੀ ਦੇ ਜਲੌਅ ਬਹੁਤ ਫਿੱਕੇ ਹੋ ਗਏ ਹਨ। ਭਿਆਨਕ ਹੜ੍ਹਾਂ ਦੀ ਤ੍ਰਾਸਦੀ ਨੇ ਲੋਕਾਂ ਦੇ ਸਭ ਸੁਪਨੇ, ਰੀਝਾਂ ਤੇ ਉਮੰਗਾਂ ਮਿੱਟੀ ਵਿਚ ਮਿਲਾ ਦਿੱਤੀਆਂ ਹਨ। ਜਦੋਂ ਘਰਾਂ ਦੇ ਜੀਅ ਹੜ੍ਹਾਂ ਦੇ ਪਾਣੀਆਂ ਦੀ ਭੇਟ ਚੜ੍ਹ ਗਏ ਹੋਣ, ਘਰ ਮਲੀਆ-ਮੇਟ ਹੋ ਗਏ ਹੋਣ, ਫ਼ਸਲਾਂ ਬਰਬਾਦ ਹੋ ਗਈਆਂ ਹੋਣ ਤੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾਂਦੀ ਹੋਵੇ, ਉਦੋਂ ਤਿਉਹਾਰ ਮਨਾਉਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਸਰਕਾਰਾਂ ਨੇ ਇਸ ਦੁੱਖ ਦੀ ਘੜੀ ਪੀੜਤਾਂ ਦੀ ਬਹੁਤੀ ਬਾਂਹ ਨਹੀਂ ਫੜੀ। ਇਹ ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਹੜ੍ਹਾਂ ਦਾ ਸੰਤਾਪ ਝੱਲਦੇ ਲੋਕਾਂ ਲਈ ਵੱਡੇ ਪੱਧਰ 'ਤੇ ਰਾਹਤ-ਕਾਰਜ ਚਲਾ ਕੇ ਪੀੜਤਾਂ ਦੇ ਮਨਾਂ ਨੂੰ ਹੌਸਲਾ ਦਿੱਤਾ ਹੈ। ਭਾਈਚਾਰਕ ਸਾਂਝਾਂ ਦਾ ਇਹ ਸੁਨੇਹਾ ਬਹੁਤ ਡੂੰਘੇ ਅਰਥ ਰੱਖਦਾ ਹੈ।
ਤਿਉਹਾਰ ਤਾਂ ਆਪਸੀ ਮਿਲਵਰਤਣ, ਸਾਂਝ ਤੇ ਮੁਹੱਬਤ ਦਾ ਪ੍ਰਗਟਾਵਾ ਹੁੰਦੇ ਹਨ। ਆਉ! ਮਨਾਂ ਦੇ ਹਨੇਰ ਨੂੰ ਗਿਆਨ-ਰੂਪੀ ਦੀਵਿਆਂ ਦੇ ਚਾਨਣ ਨਾਲ ਦੂਰ ਕਰਨ ਦਾ ਉਪਰਾਲਾ ਕਰੀਏ। ਮੋਹ ਤੇ ਮੁਹੱਬਤ ਦੇ ਦੀਵੇ ਬਾਲ ਕੇ, ਸਭ ਵਿਤਕਰਿਆਂ ਨੂੰ ਮਨੋਂ ਤਿਆਗ ਕੇ, ਸਾਂਝੀਵਾਲਤਾ ਦੀ ਬਾਤ ਪਾਈਏ। ਉਦਾਸ ਤੇ ਬੇਆਸ ਹੋਏ ਕਿਸੇ ਮਨੁੱਖ ਦੇ ਮੋਢੇ 'ਤੇ ਹੱਥ ਰੱਖੀਏ ਤਾਂ ਕਿ ਉਸ ਨੂੰ ਵੀ ਇਹ ਜਹਾਨ ਆਪਣਾ ਲੱਗੇ। ਦੁੱਖਾਂ-ਦਰਦਾਂ ਨਾਲ ਭੰਨੇ ਕਿਸੇ ਮਨੁੱਖ ਨੂੰ ਆਪਣੀ ਗਲਵੱਕੜੀ ਦੇ ਨਿੱਘ ਨਾਲ ਹੌਸਲਾ ਦੇਈਏ। ਘਰਾਂ ਵਿਚ ਤਾਂ ਹੁਣ ਬਹੁਤ ਜਗਮਗਾਹਟ ਹੈ। ਆਉ! ਮਨਾਂ ਨੂੰ ਰੌਸ਼ਨ ਕਰਕੇ ਭਾਈਚਾਰਕ ਸਾਂਝ ਦੇ ਦੀਪ ਜਗਾਈਏ।

-ਪਿੰਡ-ਖਰਲ ਕਲਾਂ ਡਾਕ-ਚੋਲਾਂਗ, ਜ਼ਿਲ੍ਹਾ ਜਲੰਧਰ।
ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਅਗਲੀ ਖ਼ਬਰ ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
Ad Position 24
No active advertisement