ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਸਰਹੱਦੋਂ ਪਾਰ ਵੀ

Ad Position 21
No active advertisement
ਅਜੀਤ ਡੈਸਕ 20-10-2025

ਧਾਰਮਿਕ ਅਤੇ ਸਮਾਜਿਕ ਮਹੱਤਵ ਰੱਖਣ ਵਾਲਾ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹਿੰਦੂਆਂ, ਸਿੱਖਾਂ, ਜੈਨੀਆਂ, ਨਿਪਾਲੀਆਂ, ਬੋਧੀਆਂ ਆਦਿ ਵਲੋਂ ਹਰ ਸਾਲ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁਗਲ ਸਮਰਾਟਾਂ ਦਾ ਵੀ ਪਸੰਦੀਦਾ ਤਿਉਹਾਰ ਰਿਹਾ ਹੈ। ਚੰਗੀ ਖ਼ਬਰ ਇਹ ਹੈ ਕਿ ਇਹ ਪਵਿੱਤਰ ਤਿਉਹਾਰ ਹਾਲ ਹੀ ਦੇ ਸਾਲਾਂ 'ਚ ਸਰਹੱਦ ਪਾਰ ਕੱਟੜ ਇਸਲਾਮ-ਪੰਥੀ ਮੰਨੇ ਜਾਂਦੇ ਦੇਸ਼ ਪਾਕਿਸਤਾਨ 'ਚ ਵੀ ਦਸਤਕ ਦੇ ਚੁੱਕਿਆ ਹੈ। ਇਸਲਾਮਾਬਾਦ, ਕਰਾਚੀ, ਰਾਵਲਪਿੰਡੀ, ਲਾਹੌਰ ਅਤੇ ਕੁਝ ਹੋਰ ਪਾਕਿਸਤਾਨੀ ਸ਼ਹਿਰਾਂ 'ਚ ਇਸ ਤਿਉਹਾਰ ਨੂੰ ਸਰਕਾਰੀ ਪੱਧਰ 'ਤੇ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਾਲ ਸੂਬਾ ਸਿੰਧ 'ਚ 20 ਅਕਤੂਬਰ ਨੂੰ ਦੀਵਾਲੀ ਮੌਕੇ ਬਾਕਾਇਦਾ ਸਰਕਾਰੀ ਛੁੱਟੀ ਐਲਾਨੀ ਗਈ ਹੈ ਅਤੇ ਤਿਉਹਾਰ ਦੇ ਮੱਦੇਨਜ਼ਰ ਰਾਜ ਦੇ ਸਾਰੇ ਹਿੰਦੂ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਪੇਸ਼ਗੀ ਤਨਖ਼ਾਹ ਦੇਣੀ ਵੀ ਮਨਜ਼ੂਰ ਕੀਤੀ ਗਈ ਹੈ। ਪਾਕਿਸਤਾਨ ਦੇ ਕੁਝ ਸਰਕਾਰੀ ਅਤੇ ਗ਼ੈਰਸਰਕਾਰੀ ਅਦਾਰਿਆਂ 'ਚ ਦੀਵਾਲੀ ਦੇ ਮੌਕੇ 'ਤੇ ਦੇਸ਼-ਵਿਦੇਸ਼ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਬਾਕਾਇਦਾ ਲਾਹੌਰ ਦੇ ਰੇਸ ਕੋਰਸ ਪਾਰਕ, ਇਸਲਾਮਾਬਾਦ ਸਕੱਤਰੇਤ ਅਤੇ ਹੋਰ ਸਰਕਾਰੀ ਅਦਾਰਿਆਂ 'ਚ ਰੌਸ਼ਨੀ ਕਰਕੇ ਮੁਸਲਿਮ ਮੁੰਡੇ ਅਤੇ ਕੁੜੀਆਂ ਨੂੰ ਰਾਮ, ਸੀਤਾ ਅਤੇ ਲਕਸ਼ਮਣ ਦੇ ਰੂਪ 'ਚ ਮੀਡੀਆ ਦੇ ਰੂ-ਬਰੂ ਕਰਕੇ ਪਾਕਿਸਤਾਨ ਦੇ ਧਰਮ ਨਿਰਪੱਖ ਦੇਸ਼ ਹੋਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।
ਪਾਕਿਸਤਾਨ 'ਚ ਦੀਵਾਲੀ 'ਤੇ ਸਭ ਤੋਂ ਜ਼ਿਆਦਾ ਰੌਣਕ ਕਰਾਚੀ ਦੇ ਹਿੰਦੂਵਾੜਾ ਖੇਤਰ, ਪੰਚਮੁਖੀ ਹਨੂਮਾਨ ਮੰਦਰ ਅਤੇ ਲਕਸ਼ਮੀ ਨਾਰਾਇਣ ਮੰਦਰ 'ਚ ਰਹਿੰਦੀ ਹੈ। ਪੁਰਾਣੀ ਐੱਮ. ਏ. ਜਿਨਾਹ ਰੋਡ 'ਤੇ ਸਥਿਤ ਲਕਸ਼ਮੀ ਨਾਰਾਇਣ ਮੰਦਰ 'ਚ ਤਾਂ ਦੀਵਾਲੀ ਤੋਂ ਲਗਭਗ 10 ਦਿਨ ਪਹਿਲਾਂ ਗਰਬਾ ਨਾਚ ਦੇ ਨਾਲ-ਨਾਲ ਮੰਦਰ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਗਰਬਾ ਨਾਚਾਂ 'ਚ ਹਿੱਸਾ ਲੈਣ ਲਈ ਭਾਗੀਦਾਰਾਂ ਨੂੰ ਸੱਦਾ ਦੇਣ ਲਈ ਕਰਾਚੀ ਦੇ ਸਥਾਨਕ ਅਖ਼ਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ ਜਾਂਦੇ ਹਨ, ਜਿਸ ਦੇ ਚੱਲਦਿਆਂ ਦੀਵਾਲੀ 'ਤੇ ਮੰਦਰ 'ਚ ਉੱਥੋਂ ਦੇ ਹਿੰਦੂਆਂ ਦੀ ਚੰਗੀ ਰੌਣਕ ਰਹਿੰਦੀ ਹੈ। ਇਸ ਦੀਵਾਲੀ 'ਤੇ ਪੰਚਮੁਖੀ ਹਨੂਮਾਨ ਮੰਦਰ ਅਤੇ ਕਲੀਫ਼ਟਨ 'ਚ ਗੁਫਾ ਮੰਦਰ 'ਚ ਕਰਾਚੀ ਦੇ ਸਥਾਨਕ ਹਿੰਦੂਆਂ ਦੇ ਨਾਲ-ਨਾਲ ਸਿੱਖ, ਮੁਸਲਮਾਨ, ਜੈਨ, ਬੋਧੀ ਅਤੇ ਪਾਰਸੀ ਵੱਡੀ ਗਿਣਤੀ 'ਚ ਪਹੁੰਚਦੇ ਹਨ। ਹਰ ਸਾਲ ਵਾਂਗ ਇਸ ਵਾਰ ਵੀ ਦੀਵਾਲੀ 'ਤੇ ਕਰਾਚੀ 'ਚ ਹਿੰਦੂ ਸੰਗਠਨ ਸੈਂਕੜੇ ਗ਼ਰੀਬ ਅਤੇ ਲੋੜਵੰਦ ਕੁੜੀਆਂ ਲਈ ਸਮੂਹਿਕ ਵਿਆਹਾਂ ਦਾ ਆਯੋਜਨ ਕਰਨਗੇ। ਦੀਵਾਲੀ 'ਤੇ ਕਰਾਚੀ ਦੇ ਉਕਤ ਮੰਦਰਾਂ ਅਤੇ ਕੁਝ ਸਥਾਨਕ ਹਿੰਦੂ ਆਬਾਦੀ ਵਾਲੇ ਖੇਤਰਾਂ 'ਚ ਰੌਸ਼ਨੀ ਦੇ ਨਾਲ-ਨਾਲ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ।
ਲਗਭਗ 40 ਲੱਖ ਦੀ ਹਿੰਦੂ ਆਬਾਦੀ ਵਾਲੇ ਸੂਬਾ ਸਿੰਧ 'ਚ ਦੀਵਾਲੀ 'ਤੇ ਭਾਰਤੀਆਂ ਵਰਗਾ ਉਤਸ਼ਾਹ ਅਤੇ ਜੋਸ਼ ਤਾਂ ਭਾਵੇਂ ਵੇਖਣ ਨੂੰ ਨਹੀਂ ਮਿਲਦਾ, ਪਰ ਸਿੰਧ ਦੇ ਸਾਧੂ ਬੇਲਾ ਮੰਦਰ ਸਮੇਤ ਸੂਬੇ ਦੇ ਹੋਰ ਪ੍ਰਾਚੀਨ ਮੰਦਰਾਂ 'ਚ ਦੀਵਾਲੀ ਮੌਕੇ ਭਾਰੀ ਰੌਣਕ ਰਹਿੰਦੀ ਹੈ ਅਤੇ ਖੂਬ ਆਤਿਸ਼ਬਾਜ਼ੀ ਵੀ ਚਲਾਈ ਜਾਂਦੀ ਹੈ। ਸਿੰਧ ਦੇ ਹੈਦਰਾਬਾਦ ਸ਼ਹਿਰ ਦੇ ਕੋਠੜੀ ਖੇਤਰ 'ਚ ਗੁੱਜਰ ਭਾਈਚਾਰੇ ਦੀਆਂ ਪੂਰਾ ਸਾਲ ਪਰਦੇ ਅਤੇ ਬੁਰਕੇ 'ਚ 'ਨਜ਼ਰਬੰਦ' ਰਹਿਣ ਵਾਲੀਆਂ ਹਿੰਦੂ ਔਰਤਾਂ ਨੂੰ ਸਿਰਫ਼ ਦੀਵਾਲੀ 'ਤੇ ਹੀ ਨਵ-ਵਿਆਹੀਆਂ ਦੁਲਹਨਾਂ ਵਾਂਗ ਆਪਣੇ ਆਪ ਨੂੰ ਸਜਾਉਣ ਦੀ ਆਗਿਆ ਹੁੰਦੀ ਹੈ। ਇਸ ਲਈ ਉਹ ਦੀਵਾਲੀ ਤੋਂ ਇਕ ਜਾਂ ਦੋ ਦਿਨ ਪਹਿਲਾਂ ਆਪਣੇ ਹੱਥਾਂ ਅਤੇ ਪੈਰਾਂ 'ਤੇ ਮਹਿੰਦੀ ਲਗਾਉਣਾ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਣਾ ਸ਼ੁਰੂ ਕਰ ਦਿੰਦੀਆਂ ਹਨ। ਦੀਵਾਲੀ ਅਤੇ ਅਗਲੀ ਰਾਤ ਨੂੰ ਗੁੱਜਰ ਭਾਈਚਾਰੇ ਦੇ ਮਰਦਾਂ ਅਤੇ ਔਰਤਾਂ ਦੁਆਰਾ ਕੀਤੇ ਜਾਣ ਵਾਲੇ ਉਨ੍ਹਾਂ ਦੇ ਰਵਾਇਤੀ ਨਾਚਾਂ ਨੂੰ ਵੇਖਣ ਲਈ ਪਾਕਿਸਤਾਨੀ ਅਤੇ ਦੂਰ-ਦੁਰਾਡੇ ਤੋਂ ਸੈਲਾਨੀ ਪਹੁੰਚਦੇ ਹਨ।
ਖ਼ੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਦੀ ਗੋਰਖਟੜੀ ਤਹਿਸੀਲ 'ਚ ਸਥਿਤ 160 ਸਾਲ ਪੁਰਾਣੇ ਮੰਦਰ 'ਚ ਕੁਝ ਵਰ੍ਹੇ ਪਹਿਲਾਂ ਹੀ ਉੱਥੋਂ ਦੇ ਸਥਾਨਕ ਹਿੰਦੂਆਂ ਨੂੰ ਪੂਜਾ-ਪਾਠ ਕਰਨ ਅਤੇ ਦੀਵਾਲੀ ਮਨਾਉਣ ਦੀ ਇਜਾਜ਼ਤ ਮਿਲੀ ਹੈ। ਪਿਛਲੇ 64 ਸਾਲਾਂ ਤੋਂ ਬੰਦ ਇਸ ਮੰਦਰ ਨੂੰ ਪਿਸ਼ਾਵਰ ਹਾਈ ਕੋਰਟ ਦੇ ਹੁਕਮਾਂ 'ਤੇ ਸਾਲ 2011 'ਚ ਦੁਬਾਰਾ ਖੋਲ੍ਹਿਆ ਗਿਆ ਸੀ। ਇਸ ਮੰਦਰ 'ਚ ਹਿੰਦੂ ਦੀਵਾਲੀ 'ਤੇ ਪੂਜਾ-ਪਾਠ ਤਾਂ ਜ਼ਰੂਰ ਕਰਨ ਲਈ ਪਹੁੰਚਣਗੇ, ਪਰ ਉਨ੍ਹਾਂ ਨੂੰ ਉੱਥੇ ਵਧੇਰੇ ਸਜਾਵਟ ਕਰਨ ਜਾਂ ਆਤਿਸ਼ਬਾਜ਼ੀ ਦੀ ਇਜਾਜ਼ਤ ਨਹੀਂ ਹੋਵੇਗੀ।
ਦੁਨੀਆ ਦੇ ਚੋਟੀ ਦੇ 10 ਸਭ ਤੋਂ ਪੁਰਾਣੇ ਸ਼ਹਿਰਾਂ 'ਚ ਸੂਚੀਬੱਧ ਲਹਿੰਦੇ ਪੰਜਾਬ ਦੇ ਮੁਲਤਾਨ ਸ਼ਹਿਰ 'ਚ ਪ੍ਰਹਿਲਾਦਪੁਰੀ ਮੰਦਰ 'ਚ ਮਨਾਈ ਜਾਣ ਵਾਲੀ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਉਹੀ ਸਥਾਨ ਮੰਨਿਆ ਜਾਂਦਾ ਹੈ, ਜਿਸ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਇਥੇ ਨਰਸਿਮ੍ਹਾ (ਮਨੁੱਖ ਅਤੇ ਸ਼ੇਰ ਦਾ ਸੁਮੇਲ) ਦੇ ਰੂਪ 'ਚ ਹਰਣਾਕਸ਼ ਦਾ ਅੰਤ ਕੀਤਾ ਗਿਆ ਸੀ। ਹਿੰਦੂਆਂ ਅਤੇ ਇਸ ਪ੍ਰਾਚੀਨ ਮੰਦਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਦੀਵਾਲੀ ਤੋਂ 10 ਦਿਨ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਮੰਦਰ ਦੇ ਅੰਦਰ ਅਤੇ ਬਾਹਰ ਹਿੰਦੂ ਸ਼ਰਧਾਲੂਆਂ ਨੂੰ ਸਿਰਫ਼ ਛੋਟੇ ਦੀਵੇ ਜਗਾਉਣ ਅਤੇ ਮੋਮਬਤੀਆਂ ਜਗਾਉਣ ਦੀ ਇਜਾਜ਼ਤ ਹੋਵੇਗੀ ਜਦਕਿ ਉਨ੍ਹਾਂ ਨੂੰ ਮੰਦਰ 'ਚ ਜਾਂ ਆਪਣੇ ਘਰਾਂ 'ਚ ਆਤਿਸ਼ਬਾਜ਼ੀ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੋਵੇਗੀ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਜੁੜਵਾਂ ਸ਼ਹਿਰ ਰਾਵਲਪਿੰਡੀ 'ਚ ਕੁਝ ਸਾਲ ਪਹਿਲਾਂ ਤੱਕ 4 ਜਾਂ 5 ਮੰਦਰਾਂ 'ਚ ਦੀਵਾਲੀ ਮਨਾਈ ਜਾਂਦੀ ਸੀ, ਪਰੰਤੂ ਹੁਣ ਜ਼ਿਆਦਾਤਰ ਮੰਦਰ ਬੰਦ ਕਰ ਦਿੱਤੇ ਜਾਣ ਕਰਕੇ ਇਸ ਵਾਰ ਸਿਰਫ਼ ਮਹਾਂਰਿਸ਼ੀ ਵਾਲਮੀਕ ਸਵਾਮੀ ਮੰਦਰ ਅਤੇ ਕ੍ਰਿਸ਼ਨਾ ਮੰਦਰ 'ਚ ਹੀ ਦੀਵਾਲੀ ਮਨਾਈ ਜਾਵੇਗੀ। ਇਨ੍ਹਾਂ ਮੰਦਰਾਂ ਦੇ ਪੁਜਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ, ਮਹਾਂਰਿਸ਼ੀ ਵਾਲਮੀਕ ਅਤੇ ਦੇਵੀ ਲਕਸ਼ਮੀ ਦੀ ਪੂਜਾ ਦੇ ਨਾਲ-ਨਾਲ ਸਥਾਨਕ ਹਿੰਦੂ ਕੁੜੀਆਂ ਦੁਆਰਾ ਮੰਦਰ ਦੇ ਵਿਹੜੇ 'ਚ ਸੁੰਦਰ ਰੰਗੋਲੀ ਵੀ ਬਣਾਈ ਜਾਂਦੀ ਹੈ ਜਿਸ ਦੀਆਂ ਰੰਗੀਨ ਤਸਵੀਰਾਂ ਦੀਵਾਲੀ ਤੋਂ ਅਗਲੇ ਦਿਨ ਪ੍ਰਮੁੱਖ ਪਾਕਿਸਤਾਨੀ ਅਖ਼ਬਾਰਾਂ ਦੇ ਪਹਿਲੇ ਪੰਨਿਆਂ ਦਾ ਸ਼ਿੰਗਾਰ ਬਣਦੀਆਂ ਹਨ।
ਲਾਹੌਰ 'ਚ ਪਿਛਲੇ ਕੁਝ ਸਾਲਾਂ ਤੋਂ ਰਾਵੀ ਰੋਡ 'ਤੇ ਕ੍ਰਿਸ਼ਨਾ ਮੰਦਰ ਅਤੇ ਪੁਰਾਣੇ ਅਨਾਰਕਲੀ ਇਲਾਕੇ 'ਚ ਨੀਲਾ ਗੁੰਬਦ ਵਿਖੇ ਸਥਿਤ ਵਾਲਮੀਕ ਮੰਦਰ ਦੇ ਅੰਦਰ ਦੀਵਾਲੀ ਮਨਾਈ ਜਾ ਰਹੀ ਹੈ। ਕ੍ਰਿਸ਼ਨਾ ਮੰਦਰ 'ਚ ਦੀਵਾਲੀ ਦੇ ਜਸ਼ਨ ਭਜਨਾਂ ਅਤੇ ਆਰਤੀ ਨਾਲ ਸ਼ੁਰੂ ਹੋਣਗੇ ਅਤੇ ਹਿੰਦੀ ਫ਼ਿਲਮੀ ਗੀਤਾਂ 'ਤੇ ਗਰਬਾ ਨਾਚ ਨਾਲ ਸਮਾਪਤ ਹੋਣਗੇ। ਪਾਕਿਸਤਾਨ ਮੁਸਲਿਮ ਲੀਗ, ਈ. ਟੀ. ਪੀ. ਬੀ. (ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ) ਅਤੇ ਉੱਥੋਂ ਦੇ ਸਥਾਨਕ ਈਸਾਈ ਅਤੇ ਸਿੱਖ ਆਗੂ ਵੀ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ। ਇਸ ਮੌਕੇ 'ਤੇ ਈ. ਟੀ. ਪੀ. ਬੀ. ਵਲੋਂ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਪਾਕਿਸਤਾਨ 'ਚ ਦੀਵਾਲੀ, ਵਿਸਾਖੀ ਅਤੇ ਹੋਲੀ ਵਰਗੇ ਤਿਉਹਾਰਾਂ ਦਾ ਮੁੜ ਸ਼ੁਰੂ ਹੋਣਾ ਖ਼ੁਸ਼ੀ ਦੀ ਖ਼ਬਰ ਹੈ ਅਤੇ ਜੋ ਭਵਿੱਖ 'ਚ ਜ਼ਰੂਰ ਪਾਕਿਸਤਾਨ ਦੀ ਇਸਲਾਮੀ ਕੱਟੜਪੰਥੀ ਵਜੋਂ ਬਣ ਚੁਕੀ ਦਿੱਖ ਨੂੰ ਨਵਾਂ ਰੂਪ ਦੇਣ 'ਚ ਮਹੱਤਵਪੂਰਨ ਸਾਬਤ ਹੋ ਸਕਦਾ ਹੈ।

-ਪੱਤਰਕਾਰ, ਅਜੀਤ ਉਪ-ਦਫ਼ਤਰ, ਅੰਮ੍ਰਿਤਸਰ
ਫ਼ੋਨ: 9356127771

Ad Position 22
No active advertisement
ਪਿਛਲੀ ਖ਼ਬਰ ਭਾਈ ਮਨੀ ਸਿੰਘ ਦੀ ਸ਼ਹਾਦਤ ਅਗਲੀ ਖ਼ਬਰ ਆਓ, ਜਾਣੀਏ ਦੀਵਾਲੀ ਬਾਰੇ ਕੁਝ ਰੌਚਿਕ ਤੱਥ
Ad Position 24
No active advertisement