ਪਠਾਨਕੋਟ, 23 ਦਸੰਬਰ (ਸੰਧੂ)-ਚਾਰ ਸਾਹਿਬਜ਼ਾਦੇ ਵੈਲਫੇਅਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ | ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਸੁੰਦਰ ਨਗਰ ਵਿਖੇ ਪ੍ਰੋਗਰਾਮ ਆਯੋਜਿਤ ਕੀਤੇ ਗਏ | ਜਿਸ ਵਿਚ ਪਠਾਨਕੋਟ ਦੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸੁਸਾਇਟੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਮੁੱਖ ਮਹਿਮਾਨ ਵਿਕਰਮ ਮਹਾਜਨ ਅਤੇ ਸੁਸਾਇਟੀ ਨੇ ਇਸ ਠੰਢੇ ਮੌਸਮ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ 130 ਜੋੜੇ ਬੂਟ, 250 ਜੋੜੇ ਜੁਰਾਬਾਂ, 250 ਟੋਪੀਆਂ ਅਤੇ 150 ਜੋੜੇ ਦਸਤਾਨੇ ਵੰਡੇ | ਦੋਵਾਂ ਸਕੂਲਾਂ ਵਿਚ ਦੁੱਧ ਦਾ ਲੰਗਰ ਵੀ ਵਰਤਾਇਆ ਗਿਆ | ਵਿਦਿਆਰਥੀਆਂ ਅਤੇ ਸਟਾਫ਼ ਦੋਵਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਚਾਰ ਸਾਹਿਬਜ਼ਾਦੇ ਵੈਲਫੇਅਰ ਸੁਸਾਇਟੀ ਪਠਾਨਕੋਟ ਦੇ ਮੈਂਬਰਾਂ ਦੀ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਉਨ੍ਹਾਂ ਦੀ ਸੇਵਾ ਲਈ ਸ਼ਲਾਘਾ ਕੀਤੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਅਸੀਂ ਸਕੂਲਾਂ ਵਿਚ ਬੱਚਿਆਂ ਲਈ ਤਿਮਾਹੀ ਪ੍ਰੀਖਿਆਵਾਂ ਲੈਂਦੇ ਹਾਂ, ਉਸੇ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਗੁਰੂਆਂ ਬਾਰੇ ਜਾਣਨ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ 'ਸ੍ਰੀ ਫ਼ਤਿਹਗੜ੍ਹ ਸਾਹਿਬ' ਭੇਜਿਆ ਜਾਵੇ | ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਮੌਜੂਦ ਸਨ |