ਜਲਾਲਾਬਾਦ, 30 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਬਾਹਮਣੀ ਵਾਲਾ ਵਿਖੇ ਬੀਤੇ ਕੱਲ੍ਹ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚਰਨਜੀਤ ਸਿੰਘ ਉਰਫ਼ ਚੰਨੂ (35) ਪੁੱਤਰ ਬਸੀਰ ਸਿੰਘ ਵਾਸੀ ਬਾਹਮਣੀ ਵਾਲਾ (ਕੋਕਰੀ ਵਾਲੀ ਢਾਣੀ) ਆਪਣੀ ਪਤਨੀ ਕੈਲਾਸ਼ ਰਾਣੀ ਦੇ ਨਾਲ ਪਿੰਡ ਬਾਹਮਣੀ ਵਾਲਾ ਵਿਖੇ ਅੱਡੇ 'ਤੇ ਸੌਦਾ ਵਗ਼ੈਰਾ ਲੈਣ ਲਈ ਦੇਰ ਸ਼ਾਮ ਆਏ ਸੀ | ਇਸ ਦੌਰਾਨ ਚਰਨਜੀਤ ਸਿੰਘ ਉਰਫ਼ ਚੰਨੂ ਜੋਕਿ ਸੜਕ ਦੀ ਇਕ ਸਾਈਡ 'ਤੇ ਖੜਿਆ ਸੀ ਤਾਂ ਤੇਜ਼ ਰਫ਼ਤਾਰ ਵਿਚ ਆ ਰਹੇ ਕੈਂਟਰ (ਨੰਬਰ ਪੀ.ਬੀ05 ਏ.ਪੀ. 9727) ਦੇ ਚਾਲਕ ਨੇ ਤੇਜ਼ ਰਫ਼ਤਾਰ ਵਿਚ ਉਸ ਵਿਚ ਮਾਰ ਦਿੱਤਾ, ਇਸ ਦੌਰਾਨ ਵਾਪਰੇ ਹਾਦਸੇ ਵਿਚ ਚਰਨਜੀਤ ਸਿੰਘ ਉਰਫ਼ ਚੰਨੂ ਕੈਂਟਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਵਾਪਰੇ ਹਾਦਸੇ ਦੇ ਦੌਰਾਨ ਕੈਂਟਰ ਚਾਲਕ ਅਤੇ ਮਾਲਕ ਦੋਵੇਂ ਜਣੇ ਘਟਨਾ ਸਥਾਨ ਤੋਂ ਕੈਂਟਰ ਛੱਡ ਕੇ ਫ਼ਰਾਰ ਹੋ ਗਏ | ਇਹ ਹਾਦਸਾ ਸੋਮਵਾਰ ਨੂੰ ਦੇਰ ਸ਼ਾਮ ਕਰੀਬ 7 ਵਜੇ ਵਾਪਰਿਆ ਹੈ | ਇੰਨੇ ਨੂੰ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਵੈਰੋਕੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਮਿ੍ਤਕ ਚਰਨਜੀਤ ਸਿੰਘ ਉਰਫ਼ ਚੰਨੂ ਦੀ ਲਾਸ਼ ਅਤੇ ਕੈਂਟਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮਿ੍ਤਕ ਦੀ ਪਤਨੀ ਕੈਲਾਸ਼ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ | ਮਿ੍ਤਕ ਚਰਨਜੀਤ ਸਿੰਘ ਆਪਣੇ ਪਿੱਛੇ ਪਤਨੀ, 3 ਬੱਚੇ, ਜਿਸ ਵਿਚ ਇਕ ਲੜਕੀ ਅਤੇ 2 ਲੜਕੇ ਅਤੇ ਇਕ ਬਜ਼ੁਰਗ ਮਾਤਾ ਨੂੰ ਰੋਂਦਾ ਕਰਲਾਉਦਾ ਛੱਡ ਗਿਆ ਹੈ |