ਅੰਮਿ੍ਤਸਰ, 5 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਜ਼ਿਲ੍ਹੇ ਦਾ ਅਜਨਾਲਾ, ਰਮਦਾਸ ਤੇ ਲੋਪੋਕੇ ਖੇਤਰ ਰਾਵੀ ਦਰਿਆ ਕਾਰਨ ਹੜ੍ਹਾਂ ਦੀ ਮਾਰ ਹੇਠ ਹੈ ਜਿਸ ਨੇ ਲਹਿੰਦੇ ਤੇ ਚੜਦੇ ਪੰਜਾਬ ਦੇ ਮਾਝੇ ਦੇ ਹੋਰ ਇਲਾਕਿਆਂ 'ਚ ਕਾਫੀ ਮਾਰ ਕੀਤੀ ਹੈੇ | ਬੀਤੇ 26 ਅਗਸਤ ਤੋਂ ਆਈ ਹੜ੍ਹਾਂ ਦੀ ਆਫਤ ਤੋਂ ਬਾਅਦ ਇਥੇ ਜੇਕਰ ਕਿਸੇ ਅਧਿਕਾਰੀ ਨੇ ਹੜ੍ਹ ਪੀੜਤਾਂ ਲਈ ਦਿਨ ਰਾਤ ਇਕ ਇਕ ਕੀਤਾ ਹੋਇਆ ਹੈ ਤਾਂ ਉਹ ਹੈ ਅੰਮਿ੍ਤਸਰ ਦੀ ਡੀ. ਸੀ. ਸ੍ਰੀਮਤੀ ਸਾਕਸ਼ੀ ਸਾਹਨੀ | ਆਈ. ਏ. ਐੱਸ. ਪੱਧਰ ਦੀ ਅਧਿਕਾਰੀ ਅੰਮਿ੍ਤਸਰ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਉਭਰੀ ਹੈ ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਖ਼ੂਬ ਦੇਸ਼ਾ ਵਿਦੇਸ਼ਾਂ ਤੱਕ ਚਰਚਾ ਹੋ ਰਹੀ ਹੈ | ਇਥੇ ਪ੍ਰਮੁਖ ਤੌਰ 'ਤੇ ਅਜਨਾਲਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਇਲਾਕੇ ਵਿਚ ਰਾਹਤ ਕਾਰਜ ਲਗਾਤਾਰ ਜਾਰੀ ਹਨ | ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦਿਨ ਰਾਤ ਇਨ੍ਹਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ | ਉਨ੍ਹਾਂ ਨਾਲ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਦੀ ਟੀਮ ਵੀ ਨਿਰੰਤਰ ਰਾਹਤ ਕਾਰਜਾਂ ਵਿਚ ਜੁਟੇ ਰਹਿੰਦੇ ਹਨ ਪਰ ਡੀ. ਸੀ. ਸ੍ਰੀਮਤੀ ਸਾਹਨੀ ਆਪ ਅੱਗੇ ਹੋ ਕੇ ਆਪਣੀ ਟੀਮ ਦਾ ਸਾਥ ਲੈਂਦੇ ਹਨ ਤੇ ਉਹ ਪਹਿਲੀ ਅਧਿਕਾਰੀ ਹੈ ਜਿਸ ਨੇ ਸ਼ਾਇਦ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦੌਰਾ ਕਰਨ ਮੌਕੇ ਪੈਰੀ ਜੁੱਤੀ ਵੀ ਪਾਈ ਹੋਵੇ | ਉਹ ਲੱਕ-ਲੱਕ ਪਾਣੀ 'ਚ ਆਮ ਤੁਰੀ ਫਿਰਦੀ ਹੈ ਕਦੇ ਟਰੈਕਟਰ ਤੇ ਕਦੇ ਕਿਸ਼ਤੀਆਂ 'ਤੇ ਸਵਾਰ ਹੋ ਕੇ ਉਹ ਪੀੜਤ ਲੋਕਾਂ ਦੇ ਘਰਾਂ ਤੱਕ ਪੁੱਜ ਕੇ ਰਾਹਤ ਸਮੱਗਰੀ ਤੇ ਹੋਰ ਇਮਦਾਦ ਵੰਡ ਰਹੀ ਹੈ | ਉਨ੍ਹਾਂ ਵਲੋਂ ਵਿਖਾਈ ਜਾ ਰਹੀ ਅਪਣਤ, ਕੀਤੀ ਜਾ ਰਹੀ ਮਿਹਨਤ ਅਤੇ ਹਮਦਰਦੀ ਦੇ ਪ੍ਰਗਟਾਵੇ ਦੀਆਂ ਗੱਲਾਂ ਘਰ-ਘਰ ਹੋਣ ਲੱਗੀਆਂ ਹਨ | ਮਾਝੇ ਦੇ ਬਹਾਦਰ ਲੋਕ ਔਰਤ ਜਾਤ ਦੀ ਇਜ਼ਤ ਕਰਨਾ ਜਾਣਦੇ ਹਨ ਤੇ ਵਡੇਰੀ ਉਮਰ ਦੇ ਲੋਕ ਉਨ੍ਹਾਂ ਵਿਚੋਂ ਆਪਣੀ ਧੀ ਅਤੇ ਛੋਟੀ ਉਮਰ ਦੇ ਲੋਕ ਉਨ੍ਹਾਂ ਵਿਚੋਂ ਆਪਣੇ ਭੈਣ ਨੂੰ ਵੇਖਦੇ ਹਨ | ਪਾਣੀ ਵਿਚ ਘਿਰੇ ਲੋਕ ਉਨ੍ਹਾਂ ਨੂੰ ਇੱਦਾਂ ਹੀ ਪਿਆਰ/ਸਤਿਕਾਰ ਦੇ ਰਹੇ ਹਨ | ਅਜਿਹਾ ਹੀ ਕੁਝ ਵਰਤਾਰਾ ਬਿਆਨ ਕਰ ਰਹੀ ਹੈ ਅਜਨਾਲੇ ਇਲਾਕੇ ਦੇ ਇਸ ਪਿੰਡ ਦੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਥੇ ਅੰਮਿ੍ਤਧਾਰੀ ਬਜ਼ੁਰਗ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੂੰ ਗਲਵਕੜੀ 'ਚ ਲੈ ਕੇ ਆਪਣੀ ਧੀ ਵਜੋਂ ਸਤਿਕਾਰ ਦੇ ਰਿਹਾ ਹੈ | ਰੱਬ ਦੀ ਰਜ਼ਾ ਵਿਚ ਮਸਤ ਇਹ ਅੰਮਿ੍ਤਧਾਰੀ ਪਰਿਵਾਰ ਹੜ ਕਾਰਨ ਘਰ ਛੱਡਣ ਨੂੰ ਤਿਆਰ ਨਹੀਂ ਸੀ ਤੇ ਡੀ. ਸੀ. ਉਨ੍ਹਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਲਈ ਜ਼ੋਰ ਪਾ ਰਹੀ ਹੈ |