ਅੰਮਿ੍ਤਸਰ, 5 ਸਤੰਬਰ (ਰੇਸ਼ਮ ਸਿੰਘ)-ਭਿ੍ਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਨਗਰ ਨਿਗਮ (ਐੱਮ. ਸੀ.) ਅੰਮਿ੍ਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਵਿਚ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕਰਨ ਅਤੇ ਇਮਾਰਤੀ ਯੋਜਨਾਵਾਂ ਦੀ ਪ੍ਰਵਾਨਗੀ ਨਾਲ ਜੁੜੇ ਇਕ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕੀਤਾ ਹੈ | ਬਿਊਰੋ ਨੇ ਇਸ ਮਾਮਲੇ ਵਿਚ ਅੰਮਿ੍ਤਸਰ ਦੇ ਛੇਹਰਟਾ ਨਿਵਾਸੀ ਇਕ ਆਰ. ਟੀ. ਆਈ. ਕਾਰਕੰੁਨ ਸੁਰੇਸ਼ ਕੁਮਾਰ ਸ਼ਰਮਾ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਐੱਮ. ਟੀ. ਪੀ. ਅਧਿਕਾਰੀਆਂ ਲਈ ਏਜੰਟ ਵਜੋਂ ਕੰਮ ਕਰ ਰਿਹਾ ਸੀ ਅਤੇ ਬਿਨੈਕਾਰਾਂ ਤੋਂ ਪੈਸੇ ਵਸੂਲਣ ਲਈ ਆਰ. ਟੀ. ਆਈ. ਅਰਜ਼ੀਆਂ ਦਾਇਰ ਕਰਕੇ ਅਤੇ ਫਿਰ ਐੱਮ. ਸੀ. ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਉਨ੍ਹਾਂ ਨੂੰ ਵਾਪਸ ਲੈ ਕੇ ਪੈਸੇ ਉਗਰਾਹੁੰਦਾ ਸੀ | ਅੱਜ ਇਥੇ ਸ਼ਰਮਾ ਨੂੰ ਗੁਰਦਰਸ਼ਨ ਸਿੰਘ ਜੇ. ਐੱਮ. ਆਈ. ਸੀ. ਦੀ ਅਦਾਲਤ 'ਚ ਪੇਸ਼ ਕੀਤਾ ਤੇ ਹੋਰ ਪੁੁਛਗਿੱਛ ਲਈ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ | ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਰੇਲਵੇ ਲਿੰਕ ਰੋਡ ਅੰਮਿ੍ਤਸਰ ਵਿਖੇ ਇਕ ਮੌਜੂਦਾ ਢਾਂਚੇ ਨੂੰ ਢਾਹ ਕੇ ਇਕ ਦੁਕਾਨ ਬਣਾਈ ਸੀ ਅਤੇ ਨਿਗਮ ਦੀ ਐੱਮ. ਟੀ. ਪੀ. ਸ਼ਾਖਾ ਤੋਂ ਇਕ ਮੰਜ਼ਿਲ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਸੀ | ਵਾਧੂ ਉਸਾਰੀ ਲਈ ਹੁਣ ਉਸਨੇ ਐੱਮ. ਟੀ. ਪੀ. ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਉਸਨੂੰ ਇਕ ਸੋਧਿਆ ਹੋਇਆ ਪਲਾਨ ਜਮ੍ਹਾਂ ਕਰਨ ਦੀ ਸਲਾਹ ਦਿੱਤੀ | ਪਰ ਏ. ਟੀ. ਪੀ. ਪਰਮਿੰਦਰ ਸਿੰਘ ਦੁਆਰਾ ਉਸ ਵਲੋਂ ਦਾਇਰ ਯੋਜਨਾ ਨੂੰ ਦੋ ਵਾਰ ਇਸ ਬਹਾਨੇ ਰੱਦ ਕਰ ਦਿੱਤਾ ਗਿਆ ਕਿ ਉਕਤ ਸੁਰੇਸ਼ ਕੁਮਾਰ ਸ਼ਰਮਾ ਨੇ ਉਸਦੇ ਪ੍ਰੋਜੈਕਟ ਵਿਰੁੱਧ ਵੱਖ-ਵੱਖ ਨਾਵਾਂ ਹੇਠ ਆਰ. ਟੀ. ਆਈ. ਅਰਜ਼ੀਆਂ ਦਾਇਰ ਕੀਤੀਆਂ ਸਨ | ਇਸ ਏ. ਟੀ. ਪੀ. ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਆਪਣੀ ਫਾਈਲ ਕਲੀਅਰ ਕਰਨਾ ਚਾਹੁੰਦਾ ਹੈ ਤਾਂ ਸੁਰੇਸ਼ ਸ਼ਰਮਾ ਨਾਲ ਸੰਪਰਕ ਕਰਨ ਲਈ ਕਿਹਾ ਜਦੋਂ ਉਨ੍ਹਾਂ ਸ਼ਰਮਾ ਨਾਲ ਸੰਪਰਕ ਕੀਤਾ, ਤਾਂ ਉਸ ਨੇ ਪਹਿਲਾਂ ਇਹ ਸ਼ਿਕਾਇਤਾਂ ਵਾਪਸ ਲੈਣ ਲਈ 7 ਲੱਖ ਰੁਪਏ ਦੀ ਮੰਗ ਕੀਤੀ ਪਰ ਉਸ ਵਲੋਂ ਮਨਾਉਣ ਤੋਂ ਬਾਅਦ ਸੌਦਾ 4 ਲੱਖ ਰੁਪਏ ਵਿਚ ਤੈਅ ਹੋ ਗਿਆ | ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਕਤ ਮੁਲਜ਼ਮ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ | ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਤਸਰ ਰੇਂਜ ਵਿਖੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ |