ਅੰਮਿ੍ਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਨਾਜਾਇਜ਼ ਤੌਰ 'ਤੇ ਖੜੀਆਂ ਗੱਡੀਆਂ ਕਾਰਨ ਪੈਦਾ ਹੋਣ ਵਾਲੀ ਟ੍ਰੈਫਿਕ ਦੀ ਸਮੱਸਿਆ ਸਮੇਤ ਹੋਰ ਮੁੱਦਿਆ ਨੂੰ ਲੈ ਕੇ ਮੰਡੀ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਸਕੱਤਰ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ ਗਈ, ਜਿਸ 'ਤੇ ਕਾਰਵਾਈ ਕਰਦੇ ਹੋਏ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਕੱਤਰ ਅਮਨਦੀਪ ਸਿੰਘ ਅਤੇ ਸਟਾਫ ਵਲੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਜਾਇਜ਼ ਖੜ੍ਹੇ ਵਾਹਨਾਂ ਨੂੰ ਮੰਡੀ 'ਚੋਂ ਹਟਾਇਆ ਗਿਆ |ਇਸ ਦੌਰਾਨ ਸਕੱਤਰ ਅਮਨਦੀਪ ਸਿੰਘ ਨੇ ਸਮੂਹ ਆੜਤੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਵਾਹਨ ਮੰਡੀ 'ਚ ਆਉਂਦੇ ਹਨ ਉਨ੍ਹਾਂ ਨੂੰ ਤੁਰੰਤ ਖਾਲੀ ਕਰਨ ਉਪਰੰਤ ਮੰਡੀ ਤੋਂ ਬਾਹਰ ਭੇਜ ਦਿੱਤਾ ਜਾਵੇ ਤਾਂ ਜੋ ਮੰਡੀ 'ਚ ਕਿਸੇ ਵੀ ਕਿਸਮ ਦੀ ਟ੍ਰੈਫਿਕ ਦੀ ਸਮੱਸਿਆ ਪੈਦਾ ਨਾ ਹੋ ਸਕੇ | ਇਸ ਤੋਂ ਇਲਾਵਾ ਜ਼ਿਮੀਦਾਰਾਂ ਵਲੋਂ ਸਕੱਤਰ ਮਾਰਕੀਟ ਕਮੇਟੀ ਤੋਂ ਮੰਗ ਕੀਤੀ ਕਿ ਉਨ੍ਹਾਂ ਵਲੋਂ ਲਿਆਂਦੇ ਜਾ ਰਹੇ ਮਟਰਾਂ 'ਚ ਕਿਸੇ ਕਿਸਮ ਦੀ ਕਾਟ ਨਾ ਕੱਟੀ ਜਾਵੇ, ਜਿਸ ਦੇ ਸੰਬੰਧ 'ਚ ਸਕੱਤਰ ਮਾਰਕੀਟ ਕਮੇਟੀ ਨੇ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਜ਼ਿਮੀਦਾਰ ਪਾਸੋਂ ਕੋਈ ਵੀ ਕਾਟ ਨਾ ਕੱਟੀ ਜਾਵੇ ਅਤੇ ਜੇਕਰ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਤਾਂ ਉਸਦੇ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਰਵਾਈ ਕੀਤੀ ਜਾਵੇਗੀ, ਨਾਲ ਹੀ ਸਕੱਤਰ ਮਾਰਕੀਟ ਕਮੇਟੀ ਵਲੋਂ ਸਫਾਈ ਠੇਕੇਦਾਰ ਨੂੰ ਸਖਤ ਹਦਾਇਤ ਜਾਰੀ ਕੀਤੀ ਕਿ ਮੰਡੀ ਵਿਖੇ ਨਿਯਮਾਂ ਅਨੁਸਾਰ ਰੋਜ਼ਾਨਾ ਸਫਾਈ ਯਕੀਨੀ ਬਣਾਇਆ ਜਾਵੇ | ਇਸ ਮੌਕੇ ਮੰਡੀ ਸੁਪਰਵਾਈਜ਼ਰ ਏਕਮਜੀਤ ਸਿੰਘ, ਮੰਡੀ ਸੁਪਰਵਾਈਜ਼ਰ ਅਜੇਦੀਪ ਸਿੰਘ, ਮੰਡੀ ਸੁਪਰਵਾਈਜ਼ਰ ਸਿਕੰਦਰ ਸਿੰਘ ਅਤੇ ਲੇਖਾਕਾਰ ਰਾਜ ਕੁਮਾਰ ਹਾਜ਼ਰ ਸਨ |