ਅੰਮਿ੍ਤਸਰ, 22 ਦਸੰਬਰ (ਹਰਮਿੰਦਰ ਸਿੰਘ )-ਪੰਜਾਬ ਸਰਕਾਰ ਵਲੋਂ ਸੂਬੇ ਦੇ ਤਿੰਨ ਨਗਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਅੰਦਰੋਂ ਮੀਟ, ਮੱਛੀ, ਅੰਡਾ, ਸ਼ਰਾਬ, ਪਾਨ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧ ਵਿਚ ਨਗਰ ਨਿਗਮ ਵਲੋਂ ਕੁਝ ਦਿਨ ਪਹਿਲਾਂ ਹੀ ਪੁਰਾਣੇ ਸ਼ਹਿਰ ਅੰਦਰ ਉਪਰੋਕਤ ਦੁਕਾਨਾਂ ਦਾ ਸਰਵੇਖਣ ਕੀਤਾ ਗਿਆ ਸੀ | ਜਿਸ ਅਨੁਸਾਰ ਪੁਰਾਣੇ ਸ਼ਹਿਰ ਅੰਦਰ 110 ਅਜਿਹੀਆਂ ਦੁਕਾਨਾਂ ਸਾਹਮਣੇ ਆਈਆਂ ਹਨ | ਜਦੋਂ ਕਿ ਅੰਡੇ ਅਤੇ ਤੰਬਾਕੂ, ਬੀੜੀ ਵੇਚਣ ਵਾਲੇ ਕਰਿਆਨੇ ਵਾਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ | ਨਿਗਮ ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਟੈਲੀਫੋਨ ਐਕਸਚੇਂਜ ਵਿਖੇ ਮੀਟ ਵਾਲੀਆਂ 7 ਰੇਹੜੀਆਂ ਅਤੇ ਦੁਕਾਨਾਂ, ਇਕ ਪਾਨ-ਬੀੜੀਆਂ ਦੇ ਖੋਖੇ ਦੀ ਪਹਿਚਾਣ ਹੋਈ ਹੈ | ਕਟੜਾ ਜੈਮਲ ਸਿੰਘ ਵਿਖੇ ਅੰਡਿਆਂ ਦੀ ਇਕ ਰੇਹੜੀ, ਪਾਨ-ਬੀੜੀ ਦੇ ਦੋ ਖੋਖੇ ਲੱਗਦੇ ਹਨ ਅਤੇ ਇਕ ਮੀਟ ਦੀ ਦੁਕਾਨ ਹੈ | ਹਾਥੀ ਗੇਟ ਵਿਖੇ ਦੋ ਢਾਬਿਆਂ ਤੋਂ ਇਲਾਵਾ 6 ਮੀਟ ਵਾਲੀਆਂ ਦੁਕਾਨਾਂ ਤੇ ਪਾਨ ਬੀੜੀ ਦੀਆਂ ਦੋ ਦੁਕਾਨ ਹਨ | ਹਿੰਦੂ ਸਭਾ ਕਾਲਜ ਦੇ ਸਾਹਮਣੇ ਮੀਟ ਤੇ ਅੰਡਿਆਂ ਵਾਲੀ ਇਕ ਰੇਹੜੀ ਸਾਹਮਣੇ ਆਈ ਹੈ | ਇਸ ਤੋਂ ਇਲਾਵਾ ਜਨਾਨਾ ਹਸਪਤਾਲ ਦੇ ਸਾਹਮਣੇ ਅੰਡਿਆਂ ਵਾਲੀ ਰੇਹੜੀ ਤੇ ਪਾਨ ਦੀ ਦੁਕਾਨ ਹੈ | ਲੋਹਗੜ ਗੇਟ ਦੇ ਅੰਦਰਵਾਰ ਮੀਟ ਵਾਲੀਆਂ ਦੋ ਅਤੇ ਅੰਡਿਆਂ ਵਾਲੀਆਂ ਤਿੰਨ ਰੇਹੜੀਆਂ ਲੱਗਦੀਆਂ ਹਨ, ਅੰਦਰੂਨ ਹਕੀਮਾਂ ਗੇਟ ਵਿਖੇ ਮੀਟ ਵਾਲੀਆਂ 4 ਰੇਹੜੀਆਂ ਤੇ ਇਕ ਦੁਕਾਨ, ਅੰਡਿਆਂ ਵਾਲੀ ਇਕ ਰੇਹੜੀ, ਸਿਗਰੇਟ ਵਾਲਾ ਇਕ ਖੋਖਾ ਹੈ | ਭਗਤਾਂ ਵਾਲਾ ਦੇ ਅੰਦਰਵਾਰ ਅੰਡਿਆਂ ਤੇ ਸੂਪ ਵਾਲੀ ਇਕ, ਮੀਟ ਵਾਲੀਆਂ ਦੋ ਰੇਹੜੀਆਂ, ਦੋ ਦੁਕਾਨਾਂ, ਅੰਡਿਆਂ ਵਾਲੀ ਇਕ ਦੁਕਾਨ ਅਤੇ ਇਕ ਰੇਹੜੀ, ਪਾਨ ਵਾਲੀ ਇਕ ਰੇਹੜੀ ਲੱਗਦੀ ਹੈ | ਚੌਕ ਭਾਈ ਦਾ ਕਟੜਾ ਮੀਟ ਦੀਆਂ ਦੋ ਦੁਕਾਨਾਂ, ਕ੍ਰਿਸ਼ਨਾ ਸਿਨੇਮਾ ਨੇੜੇ ਇਕ ਗੁਟਕਾ ਬੀੜੀ ਦੀ ਰੇਹੜੀ ਅਤੇ ਮੱਛੀ ਵਾਲੀ ਇਕ ਦੁਕਾਨ ਹੈ | ਰਾਜ ਸਿਨੇਮਾ ਸਾਹਮਣੇ ਮੱਛੀ ਵਾਲੀਆਂ ਦੋ ਰੇਹੜੀਆਂ, ਅੰਦਰੂਨ ਗਿਲਵਾਲੀ ਗੇਟ 'ਚ ਮੀਟ ਵਾਲੀਆਂ ਪੰਜ ਰੇਹੜੀਆਂ, ਇਕ ਅੰਡਿਆਂ ਤੇ ਸੂਪ ਵਾਲੀ ਰੇਹੜੀ ਹੈ | ਕਟੜਾ ਕਰਮ ਸਿੰਘ ਵਿਖੇ ਮੀਟ ਵਾਲੀਆਂ ਚਾਰ ਦੁਕਾਨਾਂ ਹਨ ਤੇ ਗੁਟਕਾ ਸਿਗਰੇਟ ਦੀ ਇਕ ਰੇਹੜੀ ਹੈ | ਕਟੜਾ ਕਰਮ ਸਿੰਘ ਬੀੜੀਆਂ ਵਾਲੇ ਦੋ ਖੋਖੇ, ਮੀਟ ਵਾਲੀਆਂ ਦੋ ਦੁਕਾਨਾਂ, ਡੀਏਵੀ ਕਾਲਜ ਨੇੜੇ ਅੰਡਿਆਂ ਅਤੇ ਪਾਨ ਦੀ ਇਕ ਇਕ ਦੁਕਾਨ ਹੈ | ਪਟੇਲ ਚੌਕ ਵਿਖੇ ਮੀਟ ਵਾਲੀਆਂ ਪੰਜ ਰੇਹੜੀਆਂ ਅਤੇ ਇਕ ਚਿਕਨ ਸੂਪ ਵਾਲੀ ਰੇਹੜੀ ਲੱਗਦੀ ਹੈ | ਖੂਹ ਬੰਬੇ ਵਾਲਾ ਵਿਖੇ ਪਾਨ ਦੀ ਇਕ ਰੇਹੜੀ ਅਤੇ ਇਕ ਦੁਕਾਨ ਹੈ | ਇਸੇ ਤਰ੍ਹਾਂ ਕਟੜਾ ਮੋਤੀ ਰਾਮ ਵਿਖੇ ਪਾਨ ਦੀ ਇਕ ਰੇਹੜੀ, ਜੱਟਾਂ ਵਾਲਾ ਬਾਜ਼ਾਰ ਵਿਖੇ ਅੰਡਿਆਂ ਦੀ ਇਕ ਰੇਹੜੀ, ਲਾਹੌਰੀ ਗੇਟ ਵਿਖੇ ਅੰਡਿਆਂ ਵਾਲੀਆਂ ਦੋ ਰੇਹੜੀਆਂ ਅਤੇ ਇਕ ਪਾਨ ਬੀੜੀ ਦੀ ਦੁਕਾਨ ਹੈ | ਖਜ਼ਾਨਾ ਗੇਟ ਵਿਖੇ ਅੰਡਿਆਂ ਵਾਲੀ ਇਕ ਰੇਹੜੀ, ਬਜ਼ਾਰ ਬਾਬਾ ਭੌੜੀ ਵਾਲਾ ਮੀਟ ਵਾਲੀ ਇਕ ਦੁਕਾਨ ਅਤੇ ਇਕ ਰੇਹੜੀਆਂ ਹਨ | ਹਾਲ ਬਾਜ਼ਾਰ ਗੋਲ ਹੱਟੀ ਚੌਕ ਵਿਖੇ ਪਾਨ ਬੀੜੀ ਦੀਆਂ ਤਿੰਨ ਦੁਕਾਨਾਂ ਅਤੇ ਇਕ ਢਾਬਾ ਹੈ | ਕਟੜਾ ਜੈਮਲ ਸਿੰਘ ਇਕ ਪਾਨ ਦੀ ਦੁਕਾਨ, ਕਟੜਾ ਜੈਮਲ ਸਿੰਘ ਵਿਖੇ ਉਬਲੇ ਅੰਡਿਆਂ ਵਾਲੀ ਰੇਹੜੀ ਲੱਗਦੀ ਹੈ | ਲੂਣ ਮੰਡੀ ਵਿਖੇ ਪਾਨ ਦੀ ਇਕ ਰੇਹੜੀ ਅਤੇ ਮੀਟ ਦੀ ਦੁਕਾਨ ਹੈ | ਗੁਰੂ ਬਾਜ਼ਾਰ ਵਿਖੇ ਪਾਨ ਵਾਲਾ ਇਕ ਖੋਖਾ ਅਤੇ ਹਾਲ ਗੇਟ ਦੇ ਅੰਦਰਵਾਰ ਮੱਛੀ ਮੰਡੀ ਵਿਖੇ ਮੱਛੀ ਵਾਲੀਆਂ 12 ਦੁਕਾਨਾਂ ਹਨ | ਇਨ੍ਹਾਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਨੂੰ ਪੁਰਾਣੇ ਸ਼ਹਿਰ 'ਚੋਂ ਬਾਹਰ ਕੱਢਣ ਲਈ ਨਿਗਮ ਅਧਿਕਾਰੀਆਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਲਈ ਅਧਿਕਾਰੀਆਂ ਵਲੋਂ ਨਿਗਮ ਦੇ ਅਸਟੇਟ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧ ਵਿਚ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਵਲੋਂ ਅੱਜ ਬੈਠਕ ਕੀਤੀ ਗਈ ਹੈ |
ਅੰਮਿ੍ਤਸਰ ਸ਼ਹਿਰ 'ਚੋਂ ਕੱਢੀਆਂ ਜਾਣਗੀਆਂ ਮੀਟ, ਅੰਡੇ, ਪਾਨ-ਬੀੜੀ ਵਾਲੀਆਂ ਦੁਕਾਨਾਂ <br/>
ਅਜੀਤ ਡੈਸਕ
23-12-2025