ਅੰਮਿ੍ਤਸਰ, 22 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਰੂਸਾ 2.0 ਦੇ ਸਹਿਯੋਗ ਨਾਲ ਸ਼ੁਰੂ ਹੋਈ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ 'ਉਭਰਦੇ ਮੀਡੀਆ ਅਤੇ ਟਿਕਾਊ ਭਵਿੱਖ ਮੌਕੇ ਮੀਡੀਆ ਦੇ ਨਵੇਂ ਰੂਪਾਂ ਅਤੇ ਟਿਕਾਊ ਵਿਕਾਸ ਨੂੰ ਲੈ ਕੇ ਵਿਚਾਰ-ਚਰਚਾ ਕਰਨ ਲਈ ਇਕ ਵਧੀਆ ਮੰਚ ਬਣ ਰਹੀ ਹੈ | ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਡੀਨ ਅਕਾਦਮਿਕ ਅਫੇਅਰਜ਼ ਪ੍ਰੋ. (ਡਾ.) ਪਲਵਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਨੇ ਮੀਡੀਆ ਸੰਸਥਾਵਾਂ ਦੀ ਜ਼ਿੰਮੇਵਾਰੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟਿਕਾਊ ਵਿਕਾਸ ਲਈ ਨੈਤਿਕ ਪੱਤਰਕਾਰੀ ਜਾਣਕਾਰ ਜਨਤਕ ਚਰਚਾ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਣ | ਮਾਸ ਕਮਿਊਨੀਕੇਸ਼ਨ ਵਿਭਾਗ ਦੀ ਮੁਖੀ ਪ੍ਰੋ. (ਡਾ.) ਵਸੁਧਾ ਸੰਬਿਆਲ ਦੀ ਅਗਵਾਈ ਹੇਠ ਹੋ ਰਹੀ ਇਸ ਕਾਨਫਰੰਸ 'ਚ ਕੀਨੋਟ ਐਡਰੈੱਸ ਸੈਂਟਰਲ ਯੂਨੀਵਰਸਿਟੀ ਆਫ਼ ਤਮਿਲਨਾਡੂ ਦੇ ਸਾਬਕਾ ਉਪ ਕੁਲਪਤੀ ਪ੍ਰੋ. (ਡਾ.) ਬੀ. ਪੀ. ਸੰਜੇ ਨੇ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦਾ ਮੀਡੀਆ ਕਿੰਨਾ ਤਾਕਤਵਰ ਹੈ, ਪਰ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਪਹਿਲੇ ਟੈਕਨੀਕਲ ਸੈਸ਼ਨ ਦੀ ਚੇਅਰ ਪ੍ਰੋ. (ਡਾ.) ਆਰ. ਮਨੂਕੌਂਡਾ (ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ) ਨੇ ਕੀਤੀ | ਇਸ 'ਚ ਪ੍ਰੋ. (ਡਾ.) ਅਰਚਨਾ ਆਰ. ਸਿੰਘ, ਪ੍ਰੋ. (ਡਾ.) ਬਿੰਦੂ ਸ਼ਰਮਾ ਅਤੇ ਡਾ. ਨਮ੍ਰਤਾ ਜੋਸ਼ੀ ਨੇ ਮੀਡੀਆ ਸਿੱਖਿਆ, ਖੋਜ ਅਤੇ ਸਮਾਜਿਕ ਬਦਲਾਅ ਲਈ ਸੰਚਾਰ ਬਾਰੇ ਵਿਸਤਾਰ ਨਾਲ ਚਰਚਾ ਕੀਤੀ | ਇੰਡਸਟਰੀ-ਅਕੈਡਮੀਆ ਪੈਨਲ ਚਰਚਾ ਪ੍ਰੋ. (ਡਾ.) ਉਮੇਸ਼ ਆਰੀਆ ਦੀ ਚੇਅਰਮੈਨਸ਼ਿਪ ਹੇਠ ਹੋਈ, ਜਿਸ 'ਚ ਪੀਟੀਸੀ ਨਿਊਜ਼ ਦੇ ਐਡੀਟਰ ਦਲੀਪ ਸਿੰਘ ਅਤੇ ਆਈਕੇਜੀਪੀਟੀਯੂ ਦੇ ਐਚਓਡੀ ਪ੍ਰੋ. (ਡਾ.) ਰਣਬੀਰ ਸਿੰਘ ਨੇ ਡਿਜੀਟਲ ਮੀਡੀਆ ਟ੍ਰੈਂਡਾਂ ਅਤੇ ਇੰਡਸਟਰੀ-ਅਕੈਡਮੀਆ ਸਹਿਯੋਗ ਬਾਰੇ ਵਿਚਾਰ ਸਾਂਝੇ ਕੀਤੇ |ਇਸ ਤੋਂ ਇਲਾਵਾ ਡਾ. ਹਰਕੀਰਨਦੀਪ ਕੌਰ ਨੇ ਆਪਣਾ ਰਿਸਰਚ ਪੇਪਰ ਪੇਸ਼ ਕੀਤਾ |