ਸੁਲਤਾਨਵਿੰਡ, 27 ਦਸੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ 2 ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ ਹੈ | ਇਸ ਮੌਕੇ ਜਾਣਕਾਰੀ ਦੇਂਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਏ.ਐੱਸ. ਆਈ. ਗੁਰਿੰਦਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਪਿੰਡ ਸੁਲਤਾਨਵਿੰਡ ਵਿਖੇ ਕੀਤੀ ਜਾ ਰਹੀ ਗਸ਼ਤ ਦੌਰਾਨ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 4 ਗ੍ਰਾਮ 5 ਮਿਲੀ ਹੈਰੋਇਨ ਬਰਾਮਦ ਹੋਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਜੋਬਨਜੀਤ ਸਿੰਘ ਟਿੰਡੀ ਪੁੱਤਰ ਸਰਬਜੀਤ ਸਿੰਘ ਅਤੇ ਪਵਨਜੀਤ ਸਿੰਘ ਦੋਵੇਂ ਵਾਸੀ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਵਜੋਂ ਹੋਈ ਹੈ | ਇੰਸਪੈਕਟਰ ਮੋਹਿਤ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਜੋਬਨਜੀਤ ਸਿੰਘ ਪਵਨਜੀਤ ਸਿੰਘ ਤੋਂ ਹੈਰੋਇਨ ਖ਼ਰੀਦ ਕੇ ਅੱਗੇ ਸਪਲਾਈ ਕਰਦਾ ਸੀ, ਜਿਸ ਨੂੰ ਲੈ ਪੁਲਿਸ ਵਲੋਂ ਪਵਨਜੀਤ ਸਿੰਘ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ |