ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)-ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ | ਇਸ ਮੌਕੇ ਵੱਖ-ਵੱਖ ਪਿੰਡਾਂ ਵਿਚ ਕੀਤੇ ਗਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ, 'ਆਪ', ਭਾਜਪਾ ਤੋਂ ਪੰਜਾਬ ਦੀ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਹਮੇਸ਼ਾ ਖ਼ਤਰਾ ਰਿਹਾ ਹੈ | ਸੂਬੇ ਵਿਚ ਗੈਂਗਸਟਰਵਾਦ, ਫਿਰੌਤੀਆਂ ਦਾ ਦੌਰ, ਨਸ਼ਾ, ਬੇਰੁਜ਼ਗਾਰੀ, ਗੁੰਡਾਗਰਦੀ ਇਨ੍ਹਾਂ ਪਾਰਟੀਆਂ ਦੀ ਹੀ ਦੇਣ ਹੈ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿਚ ਵੋਟ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਬਨਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਨੀਂਹ ਤਰਨ ਤਾਰਨ ਤੋਂ ਹੀ ਰੱਖੀ ਜਾਵੇ |