ਲੁਧਿਆਣਾ, 28 ਦਸੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਲੇਮ ਟਾਬਰੀ ਸਥਿਤ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵਲੋਂ ਹਸਪਤਾਲ ਵਿਖੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਹਸਪਤਾਲ ਦੇ ਨਿਰਦੇਸ਼ਕ ਡਾ. ਇੰਦਰਜੀਤ ਸਿੰਘ ਢੀਂਗਰਾ ਨੇ ਕੀਤੀ | ਇਸ ਮੌਕੇ ਇਕਬਾਲ ਸਿੰਘ ਗਿੱਲ ਸੇਵਾ ਮੁਕਤ ਆਈ.ਪੀ.ਐਸ. ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਮੁੱਖ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਢੀਂਗਰਾ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਨਸ਼ਾ ਪੀੜਤ ਲੋਕਾਂ ਨੂੰ ਇਕੋ ਸਰਿੰਜ ਦੀ ਵਰਤੋਂ ਕਾਰਨ ਐਚ.ਆਈ.ਵੀ. ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਨਿਰਧਾਰਿਤ ਕੇਂਦਰਾਂ 'ਤੇ ਸਰਿੰਜਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਇਸ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕੇ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਪੀੜਤ ਹੌਲੀ-ਹੌਲੀ ਆਪਣੇ ਆਪ ਨੂੰ ਨਸ਼ਾ ਮੁਕਤੀ ਵੱਲ ਲੈ ਕੇ ਜਾਣ | ਇਸ ਮੌਕੇ ਗਿੱਲ ਅਤੇ ਛਾਪਾ ਨੇ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਨਸ਼ਾ ਮੁਕਤੀ ਵਿਸ਼ੇ 'ਤੇ ਨੁੱਕੜ ਨਾਟਕ ਵੀ ਕਰਵਾਇਆ ਗਿਆ | ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਅਤੇ ਸਮਰਪਿਤ ਕਰਦੇ ਹੋਏ ਸੈਂਟਰ ਇੰਚਾਰਜ ਮਨੀਸ਼ਾ ਵਲੋਂ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ ਗਈ | ਇਸ ਮੌਕੇ ਪ੍ਰੀਤੀ, ਪਿ੍ਆਂਸ਼ੂ, ਪ੍ਰਵੇਸ਼, ਅਰੁਣ, ਸੁਰਜੀਤ ਕੌਰ, ਕਮਲਜੀਤ ਕੌਰ, ਅਮਨ, ਮੀਨੂ, ਸੁਸ਼ੀਲ ਸੂਦ, ਰਿਤੂ, ਅਮਨਦੀਪ ਅਤੇ ਤਰਸੇਮ ਲਾਲ ਆਦਿ ਹਾਜ਼ਰ ਸਨ |