ਗੌਰਵ ਵੀਰ ਸੋਹਲ ਬਣੇ ਪ੍ਰਧਾਨ
ਚੰਡੀਗੜ੍ਹ, 3 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਕਈ ਜੱਥੇਬੰਦੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਸਨ | ਇਸ ਵਿਚ ਕਈ ਵਿਦਿਆਰਥੀ ਜਥੇਬੰਦੀਆਂ ਸਮੇਤ ਆਜ਼ਾਦ ਉਮੀਦਵਾਰਾਂ ਨੇ ਹਿੱਸਾ ਲਿਆ | ਜਿਨ੍ਹਾਂ ਵਿੱਚੋਂ ਵਿਦਿਆਰਥੀ ਜੱਥੇਬੰਦੀ ਏ.ਬੀ.ਵੀ.ਪੀ ਦੇ ਗੌਰਵ ਵੀਰ ਸਿੰਘ ਸੋਹਲ 3148 ਵੋਟਾਂ ਲੈ ਕੇ ਪ੍ਰਧਾਨ ਅਹੁਦੇ ਲਈ ਜੇਤੂ ਰਹੇ | ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ 'ਸੱਥ' ਦੇ ਅਸਮੀਤ ਸਿੰਘ 3478 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ | ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀ ਜੱਥੇਬੰਦੀ ਸਟੂਡੈਂਟ ਆਰਗੋਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੋ) ਤੋਂ ਅਭੀਸੇਕ ਡਾਗਰ 3438 ਵੋਟਾਂ ਲੈ ਕੇ ਸੈਕਟਰੀ ਬਣੇ | ਆਜ਼ਾਦ ਪਾਰਟੀ ਤੋਂ ਮੋਹਿਤ ਮਨਦੇਰਨਾ 2820 ਵੋਟਾਂ ਲੈ ਕੇ ਜੁਆਇੰਟ ਸੈਕਟਰੀ ਬਣੇ, ਜਿਨ੍ਹਾਂ ਦਾ ਮੂੰਹ ਮਿੱਠਾ ਡੀ.ਐਸ.ਡਬਲਿਓ ਪ੍ਰੋ. ਅਮਿਤ ਚੌਹਾਨ ਨੇ ਕੀਤਾ | ਉਸ ਤੋਂ ਬਾਅਦ ਚਾਰੇ ਜੇਤੂ ਜੱਥੇਬੰਦੀਆਂ ਨੇ ਢੋਲ ਵਜਾ ਕੇ ਖੁਸ਼ੀ ਪ੍ਰਗਟ ਕੀਤੀ | ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਸਰਕਾਰੀ ਲੜਕੀਆਂ ਕਾਲਜ ਸੈਕਟਰ 42 ਵਿਖੇ ਕੁੱਲ 847 ਵੋਟਾਂ ਪੋਲ ਹੋਈਆਂ | ਜਿਸ ਵਿਚੋਂ ਸ਼ਰੀਵਾਲ ਚੌਹਾਨ ਨੇ 413 ਵੋਟਾ ਪ੍ਰਾਪਤ ਕੀਤੀਆਂ, ਵਾਈਸ ਪ੍ਰਧਾਨ ਜਾਨਕੀ ਰਾਣੀ ਨੇ 290, ਸੈਕਟਰੀ ਸਿਮਰਨ ਕੌਰ ਨੂੰ 340 ਅਤੇ ਜੁਆਇੰਟ ਸੈਕਟਰੀ ਸੁਪਿੰਦਰ ਕੌਰ ਨਿਰਵਿਰੋਧ ਚੁਣੀ ਗਈ | ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਸੈਕਟਰ 26 ਵਿਖੇ ਵਿਦਿਆਰਥਣਾਂ ਚੋਣਾਂ ਵਿਚ ਭੂਮੀ ਨੇ ਪ੍ਰਧਾਨ ਦੀਆਂ ਵੋਟਾਂ ਵਿਚੋਂ ਜਿੱਤ ਪ੍ਰਾਪਤ ਕੀਤੀ | ਵਾਈਸ ਪ੍ਰਧਾਨ ਅਕੋਇਜ਼ਮ ਜੇਸੀਤਾ ਬੀ.ਏ ਫਾਈਨਲ ਦੀ ਵਿਦਿਆਰਥਣ, ਸੈਕਟਰੀ ਦਿਵਿਆ ਮੰਗੈਨ ਅਤੇ ਜੁਆਇੰਟ ਸਕੱਤਰ ਵੰਸਿਕਾ ਜੇਤੂ ਰਹੀ | ਮੇਹਰ ਚੰਦ ਮਹਾਜ਼ਨ ਡੀ.ਏ.ਵੀ ਲੜਕੀਆਂ ਕਾਲਜ ਵਿਖੇ ਕੁੱਲ 759 ਵਿਦਿਆਰਥਣਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ | ਜਿਸ ਵਿਚੋਂ ਪ੍ਰਧਾਨ ਅਪਾਰਜਿਤਾ ਬਾਲੀ ਰਹੀ | ਵਾਇਸ ਪ੍ਰਧਾਨ ਅਰੂਸੀ ਬਖਸੀ, ਸੈਕਟਰੀ ਓਜਸਵਿੰਤਾ ਕੌਰ, ਜੁਆਇੰਟ ਸੈਕਟਰੀ ਅਨਵੀ ਠਾਕੁਰ ਜੇਤੂ ਰਹੀ | ਦੇਵ ਸਮਾਜ ਲੜਕੀਆਂ ਕਾਲਜ ਸੈਕਟਰ 45 ਵਿਖੇ ਬੀ.ਕਾਮ ਤੀਜੇ ਸਾਲ ਦੀ ਵਿਦਿਆਰਥਣ ਖ਼ੁਸ਼ੀ ਨੂੰ ਪ੍ਰਧਾਨ ਬਣਾਇਆ ਗਿਆ | ਵਾਇਸ ਪ੍ਰਧਾਨ ਅੰਤਿਕਾ, ਸੈਕਟਰੀ ਹਰਲੀਨ ਕੌਰ, ਜੁਆਇੰਟ ਸੈਕਟਰੀ ਪ੍ਰਨੀਤ ਕੌਰ ਨੂੰ ਬਣਾਇਆ | ਵਿਦਿਆਰਥਣਾਂ ਦੁਆਰਾ ਕਾਲਜ ਵਿਚ ਕੁੱਲ 1350 ਵੋਟਾਂ ਪੋਲ ਕੀਤੀਆਂ ਗਈਆਂ | ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 46 ਵਿਖੇ ਵਿਦਿਆਰਥੀ ਕੌਂਸਲ ਚੋਣਾਂ ਵਿਚੋਂ ਪ੍ਰਧਾਨ ਬੀ.ਸੀ.ਏ ਭਾਗ ਤੀਸਰੇ ਦੇ ਵਿਦਿਆਰਥੀ ਪੰਕਜ ਨੂੰ ਪ੍ਰਧਾਨ, ਵਾਇਸ ਪ੍ਰਧਾਨ ਰਵਿੰਦਰ ਸਿੰਘ, ਸੈਕਟਰੀ ਬੀ.ਏ ਭਾਗ ਤੀਜੇ ਦੀ ਵਿਦਿਆਰਥਣ ਸਨੇਹਾ, ਜੁਆਇੰਟ ਸੈਕਟਰੀ ਅੰਜਲੀ ਨੂੰ ਬਣਾਇਆ ਗਿਆ |
ਚੰਡੀਗੜ੍ਹ, (ਸੰਦੀਪ ਕੁਮਾਰ ਮਾਹਨਾ)ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ 'ਚ ਪ੍ਰਧਾਨ ਅਹੁਦੇ 'ਤੇ ਏ.ਬੀ.ਵੀ.ਪੀ ਦੇ ਉਮੀਦਵਾਰ ਗੌਰਵ ਵੀਰ ਸੋਹਲ ਦੀ ਜਿੱਤ ਨੂੰ ਭਾਜਪਾ ਲਈ ਵੱਡੀ ਉਪਲਬਧੀ ਦੱਸਦਿਆਂ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਿਰਫ਼ ਵਿਦਿਆਰਥੀ ਚੋਣ ਨਹੀਂ, ਸਗੋਂ ਪੰਜਾਬ ਦੀ ਸਿਆਸਤ ਦਾ ਨਵਾਂ ਮੋੜ ਹੈ | ਡਾ. ਸ਼ਰਮਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੇ ਵਿਦਿਆਰਥੀਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਕੇਂਦਰ ਹੈ | ਇਸ ਯੂਨੀਵਰਸਿਟੀ ਦੇ ਨਤੀਜੇ ਅਕਸਰ ਪੰਜਾਬ ਦੀ ਭਵਿੱਖ ਰਾਜਨੀਤੀ ਦੀ ਦਿਸ਼ਾ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਆਪ, ਕਾਂਗਰਸ ਅਤੇ ਅਕਾਲੀ ਦਲ ਨਾਲ ਜੁੜੀਆਂ ਵਿਦਿਆਰਥੀ ਸੰਸਥਾਵਾਂ ਨੂੰ ਮਿਲੀ ਭਾਰੀ ਹਾਰ ਸਾਫ਼ ਕਰਦੀ ਹੈ ਕਿ ਪੰਜਾਬ ਦੇ ਨੌਜਵਾਨ ਹੁਣ ਇਨ੍ਹਾਂ ਦਲਾਂ ਦੇ 'ਝੂਠੇ ਵਾਅਦਿਆਂ' ਅਤੇ 'ਕੁਸ਼ਾਸਨ' ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਏ.ਬੀ.ਵੀ.ਪੀ ਦੀ ਇਹ ਕਾਮਯਾਬੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟਰੇਲਰ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਭਾਜਪਾ ਪੰਜਾਬ ਦੀ ਜ਼ਮੀਨ 'ਤੇ ਆਪਣੇ ਪੰਚਮ ਨੂੰ ਲਹਿਰਾਏਗੀ ਅਤੇ ਨੌਜਵਾਨ ਇਸ ਮੁਹਿੰਮ ਦੇ ਆਗੂ ਬਣਨਗੇ | ਡਾ. ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਏ.ਬੀ.ਵੀ.ਪੀ 'ਤੇ ਭਰੋਸਾ ਕੀਤਾ | ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀਆਂ ਅਸਲੀ ਚਾਹਤਾਂ ਅਤੇ ਉਨ੍ਹਾਂ ਦੇ ਭਵਿੱਖ ਲਈ ਲੜਾਈ ਦੀ ਜਿੱਤ ਹੈ | ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਨਵੇਂ ਚੁਣੇ ਅਧਿਆਕਸ਼ ਗੌਰਵ ਸੋਹਲ ਵਿਦਿਆਰਥੀਆਂ ਦੇ ਹਿੱਤਾਂ ਲਈ ਸਮਰਪਿਤ ਹੋ ਕੇ ਕੰਮ ਕਰੇਗਾ ਅਤੇ ਯੂਨੀਵਰਸਿਟੀ ਨੂੰ ਵਿਕਾਸ ਦੀ ਨਵੀਂ ਰਾਹ 'ਤੇ ਲੈ ਕੇ ਜਾਵੇਗਾ |
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ. ਬੀ. ਵੀ. ਪੀ. ਦਾ ਕਬਜ਼ਾ <br/>
ਅਜੀਤ ਡੈਸਕ
04-09-2025