ਐੱਸ. ਏ. ਐੱਸ. ਨਗਰ, 19 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਪ੍ਰਦੂਸ਼ਣ-ਮੁਕਤ ਤੇ ਹਰੀ-ਭਰੀ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਵਾਤਾਵਰਣ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ, ਉਸ ਨੂੰ ਵੇਖਦਿਆਂ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਆਬੋ-ਹਵਾ ਵਿਗੜਦੀ ਹੈ, ਉਥੇ ਪਟਾਕੇ ਚਲਾਉਣਾ ਜੋਖਮ ਭਰਿਆ ਅਮਲ ਵੀ ਹੈ ਤੇ ਨਾਲ ਹੀ ਇਹ ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ | ਸੁਰੱਖਿਅਤ ਦੀਵਾਲੀ ਮਨਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਡਾ. ਜੈਨ ਨੇ ਕਿਹਾ ਕਿ ਜੇ ਪਟਾਕੇ ਚਲਾਉਣੇ ਹੀ ਹਨ ਤਾਂ ਸਾਵਧਾਨੀਆਂ ਵਰਤੀਆਂ ਜਾਣ | ਇਸ ਦੌਰਾਨ ਅੱਖਾਂ ਦਾ ਖ਼ਾਸ ਤੌਰ 'ਤੇ ਖ਼ਿਆਲ ਰੱਖਣਾ ਜ਼ਰੂਰੀ ਹੈ ਤੇ ਨਾਲ ਹੀ ਪਾਣੀ ਦੀਆਂ ਬਾਲਟੀਆਂ ਅਤੇ ਮਿੱਟੀ ਦੇ ਥੈਲੇ ਅਪਣੀ ਸੁਖਾਲੀ ਪਹੁੰਚ 'ਚ ਰੱਖੇ ਜਾਣ | ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਆਤਿਸ਼ਬਾਜ਼ੀ ਤੋਂ ਦੂਰ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੁਰੱਖਿਅਤ ਅਤੇ ਵਾਤਾਵਰਣ ਹਿਤੈਸ਼ੀ ਦੀਵਾਲੀ ਪ੍ਰਤੀ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਅਤੇ ਰਾਤ ਸਮੇਂ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਜਿਵੇਂ ਜ਼ਿਲ੍ਹਾ ਹਸਪਤਾਲ ਮੁਹਾਲੀ, ਖਰੜ, ਕੁਰਾਲੀ, ਘੜੂੰਆਂ, ਡੇਰਾਬੱਸੀ, ਢਕੋਲੀ, ਲਾਲੜੂ, ਬਨੂੰੜ, ਬੂਥਗੜ੍ਹ ਆਦਿ ਵਿਚ ਜਿਥੇ ਐਮਰਜੈਂਸੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ, ਉਥੇ ਹੀ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਾਪਰਨ 'ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ |