ਚੰਡੀਗੜ੍ਹ, 21 ਨਵੰਬਰ (ਸੰਦੀਪ ਕੁਮਾਰ ਮਾਹਨਾ)ਯੂ. ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਕ ਮਹੱਤਵਪੂਰਨ ਪ੍ਰਸ਼ਾਸਕੀ ਹੁਕਮ ਜਾਰੀ ਕਰਦਿਆਂ ਕਈ ਅਧਿਕਾਰੀਆਂ ਦੇ ਵਿਭਾਗਾਂ 'ਚ ਤਬਦੀਲੀਆਂ ਕਰ ਦਿੱਤੀਆਂ ਹਨ | ਜਾਰੀ ਹੁਕਮ ਅਨੁਸਾਰ ਚਾਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕੰਮਾਂ ਦੇ ਨਾਲ ਨਵੇਂ ਵਾਧੂ ਚਾਰਜ ਵੀ ਦਿੱਤੇ ਗਏ ਹਨ | ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ | ਯੂ. ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਵਲੋਂ ਜਾਰੀ ਹੁਕਮਾਂ ਤਹਿਤ ਜਿਨ੍ਹਾਂ ਅਧਿਕਾਰੀਆਂ ਦੇ ਵਿਭਾਗਾਂ 'ਚ ਰੱਦੋਬਦਲ ਕੀਤਾ ਗਿਆ ਹੈ ਉਨ੍ਹਾਂ 'ਚ ਆਈ. ਏ. ਐਸ. ਅਧਿਕਾਰੀ ਦਿਪ੍ਰਵਾ ਲਾਕੜਾ ਨੂੰ ਸਕੱਤਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦਾ ਚਾਰਜ, ਆਈ. ਏ. ਐਸ. ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੂੰ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅਤੇ ਐਚ. ਸੀ. ਐਸ. ਅਧਿਕਾਰੀ ਪ੍ਰਦੁਮਣ ਸਿੰਘ ਨੂੰ ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਕਲੈਕਟਰ (ਐਕਸਾਈਜ਼) ਦਾ ਚਾਰਜ ਦਿੱਤਾ ਗਿਆ ਹੈ | ਇਨ੍ਹਾਂ ਵਧੇਰੇ ਜ਼ਿੰਮੇਵਾਰੀਆਂ ਨਾਲ ਵਿਭਾਗ ਦੇ ਫ਼ੀਲਡ ਆਪ੍ਰੇਸ਼ਨਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ | ਜਦ ਕਿ ਸਿੱਖਿਆ ਵਿਭਾਗ 'ਚ ਤਬਦੀਲੀ ਕਰਦਿਆਂ ਪੀ. ਸੀ. ਐਸ. ਅਧਿਕਾਰੀ ਨਿਤੀਸ਼ ਸਿੰਗਲਾ ਨੂੰ ਡਾਇਰੈਕਟਰ, ਸਕੂਲ ਐਜੂਕੇਸ਼ਨ ਤਾਇਨਾਤ ਕੀਤਾ ਗਿਆ ਹੈ | ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਇਹ ਸਾਰੇ ਚਾਰਜ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ ਵਧੇਰੇ ਤੌਰ 'ਤੇ ਸੌਂਪੇ ਗਏ ਹਨ |