ਡੇਰਾਬੱਸੀ, 7 ਦਸੰਬਰ (ਰਣਬੀਰ ਸਿੰਘ ਪੜ੍ਹੀ)-ਬਸਪਾ ਦੇ ਸੀਨੀਅਰ ਆਗੂ ਚੌਧਰੀ ਬਖ਼ਸ਼ੀਸ਼ ਰਾਮ ਕੁਰਲੀ ਦੇ ਅਚਾਨਕ ਦਿਹਾਂਤ ਨਾਲ ਪੂਰੇ ਖੇਤਰ 'ਚ ਸ਼ੋਕ ਦੀ ਲਹਿਰ ਦੌੜ ਗਈ ਹੈ | ਉਹ ਹਲਕਾ ਬਨੂੰੜ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਸਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ | ਚੌਧਰੀ ਬਖ਼ਸ਼ੀਸ਼ ਰਾਮ ਨੇ ਲੰਬੇ ਸਮੇਂ ਤੱਕ ਬਸਪਾ ਦੀ ਸੇਵਾ ਕੀਤੀ ਅਤੇ ਹਲਕਾ ਬਨੂੰੜ ਵਿਚ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਮਿਹਨਤ ਕੀਤੀ | ਉਹ ਸਾਫ-ਸੁਥਰੀ ਛਵੀ, ਸਾਦਗੀ ਤੇ ਲੋਕ ਸੇਵਾ ਲਈ ਜਾਣੇ ਜਾਂਦੇ ਸਨ | ਉਨ੍ਹਾਂ ਦੇ ਦਿਹਾਂਤ ਨਾਲ ਜਿਥੇ ਪਰਿਵਾਰ ਨੂੰ ਗਹਿਰਾ ਦੁੱਖ ਪਹੁੰਚਿਆ ਹੈ, ਉਥੇ ਹੀ ਪਾਰਟੀ ਨੇ ਵੀ ਇਕ ਸਮਰਪਿਤ ਆਗੂ ਨੂੰ ਗੁਆ ਦਿੱਤਾ ਹੈ | ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਬਸਪਾ ਦੇ ਨੀਲੇ ਝੰਡੇ ਵਿਚ ਲਪੇਟ ਕੇ ਅੰਤਿਮ ਯਾਤਰਾ ਲਈ ਲਿਜਾਇਆ | ਸਸਕਾਰ ਸਮੇਂ ਪੰਜਾਬ ਅਤੇ ਹਰਿਆਣਾ ਤੋਂ ਆਏ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਪਹੁੰਚ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਜਗਦੀਸ਼ ਸਿੰਘ, ਸਾਹਿਬ ਸਿੰਘ, ਸੁਭਾਸ਼ ਚੰਦ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਪ੍ਰਧਾਨ, ਪ੍ਰਕਾਸ਼ ਸਿੰਘ ਪਾਖੀ, ਡਾ. ਜਰਨੈਲ ਸਿੰਘ, ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਸਮੇਤ ਕਈ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪਾਰਟੀ ਵਰਕਰਾਂ ਮੁਤਾਬਿਕ ਚੌਧਰੀ ਬਖ਼ਸ਼ੀਸ਼ ਰਾਮ ਦੀ ਇਮਾਨਦਾਰੀ, ਲੋਕ ਸੇਵਾ ਤੇ ਪਾਰਟੀ ਪ੍ਰਤੀ ਲਗਨ ਹਮੇਸ਼ਾ ਯਾਦ ਰਹੇਗੀ |