ਪੰਚਕੂਲਾ, 7 ਦਸੰਬਰ (ਕਪਿਲ)-ਕੇਂਦਰੀ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ (ਸਵਤੰਤਰ ਪ੍ਰਭਾਰ), ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਅਤੇ ਪਰਮਾਣੂ ਊਰਜਾ ਅਤੇ ਅੰਤਰਿਕਸ਼ ਵਿਭਾਗ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਚਾਰ ਦਿਨਾਂ ਦੇ ਭਾਰਤ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈ. ਆਈ. ਐਸ. ਐੱਫ.) ਵਿਚ ਕਿਹਾ ਕਿ ਭਾਰਤ ਰਵਾਇਤੀ ਅਰਥਵਿਵਸਥਾ ਤੋਂ ਨਵੀਨਤਾ-ਚਲਿਤ ਰਾਸ਼ਟਰ ਬਣਨ ਦੇ ਨਿਰਣਾਇਕ ਮੋੜ 'ਤੇ ਪਹੁੰਚ ਗਿਆ ਹੈ ਅਤੇ ਹੁਣ ਤਕਨਾਲੋਜੀ-ਆਧਾਰਿਤ ਵਿਕਾਸ ਵਿਚ ਗਲੋਬਲ ਰੁਝਾਨਾਂ ਦੀ ਪਾਲਣਾ ਕਰਨ ਦੀ ਬਜਾਏ ਉਨ੍ਹਾਂ ਨੂੰ ਆਪ ਅਕਾਰ ਦੇ ਰਿਹਾ ਹੈ | ਆਈ. ਆਈ. ਐਸ. ਐਫ. ਵਿਚ ਇਕ ਵਿਸ਼ੇਸ਼ ਫਾਇਰ ਸਾਈਡ ਚੈਟ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ 'ਚ ਭਾਰਤ ਦੀ ਵਿਗਿਆਨਕ ਸੋਚ, ਨੀਤੀਗਤ ਦਿ੍ਸ਼ਟੀ ਅਤੇ ਸ਼ਾਸਨ ਦੇ ਤਰੀਕੇ ਵਿਚ ਮੂਲਭੂਤ ਬਦਲਾਅ ਆਇਆ ਹੈ | ਭਾਰਤ ਦਾ ਆਰਥਿਕ ਵਿਕਾਸ ਹੁਣ ਪੂਰੀ ਤਰ੍ਹਾਂ ਵਿਗਿਆਨ, ਤਕਨਾਲੋਜੀ, ਰਿਸਰਚ ਤੇ ਨਵੀਨਤਾ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਗਲੋਬਲ ਭਾਈਚਾਰਾ ਭਾਰਤ ਨੂੰ ਸ਼ਾਸਨ, ਪਬਲਿਕ ਸਰਵਿਸ ਡਿਲੀਵਰੀ ਅਤੇ ਤਕਨਾਲੋਜੀ-ਆਧਾਰਿਤ ਵਿਕਾਸ ਦੇ ਨਵੇਂ ਮਾਡਲਾਂ ਦੇ ਸਰੋਤ ਵਜੋਂ ਦੇਖ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਇਓਟੈਕਨਾਲੋਜੀ, ਪਰਮਾਣੂ ਨਵੀਨਤਾ, ਰੀਜਨਰੇਟਿਵ ਸਾਇੰਸ ਅਤੇ ਅਗਲੀ ਪੀੜ੍ਹੀ ਦੀ ਅੰਤਰਿਕਸ਼ ਤਕਨਾਲੋਜੀ ਸਮੇਤ ਕਈ ਉਭਰਦੇ ਖੇਤਰਾਂ 'ਚ ਭਾਰਤ ਹੁਣ ਇਕ ਮਜ਼ਬੂਤ ਨੇਤਿ੍ਤਵ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਨੇ ਨਵੇਂ ਰਾਸ਼ਟਰੀ ਰਿਸਰਚ ਅਤੇ ਡਿਵੈਲਪਮੈਂਟ ਫੰਡ ਦੇ ਸ਼ੁਰੂਆਤ ਬਾਰੇ ਦੱਸਦਿਆਂ ਕਿਹਾ ਕਿ ਇਸ ਨੂੰ ਉੱਚ-ਖਤਰੇ, ਉੱਚ-ਅਸਰ ਵਾਲੀਆਂ ਨਵੀਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵੱਲ ਵੱਡਾ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਏ ਬਦਲਾਅ ਕਰਕੇ ਕੁਝ ਕੰਪਨੀਆਂ ਤੋਂ ਵੱਧ ਕੇ ਅੱਜ ਕਰੀਬ 400 ਸਪੇਸ ਸਟਾਰਟਅੱਪ ਖੜ੍ਹੇ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਕਈ ਹੁਣ ਗਲੋਬਲ ਪੱਧਰ 'ਤੇ ਪਛਾਣ ਬਣਾਉਂਦੀਆਂ ਹਨ | ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਆਵਾਸ ਯੋਜਨਾ, ਉੱਜਵਲਾ ਯੋਜਨਾ ਵਰਗੀਆਂ ਯੋਜਨਾਵਾਂ ਦਾ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਲਾਭ ਦੇ ਰਹੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਲੇ 15-20 ਸਾਲਾਂ ਵਿਚ ਇਕ ਭਾਰਤੀ ਚੰਦਰਮਾ 'ਤੇ ਕਦਮ ਰੱਖੇਗਾ |