ਡੇਰਾਬੱਸੀ, 23 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਗਲੋਬਲ ਵਿਜ਼ਡਮ ਸਕੂਲ ਵਿਖੇ 'ਗਲੋਬਲ ਫੀਟ' ਨਾਮਕ ਸਮਾਗਮ ਉਤਸ਼ਾਹ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਸੁਡਾਨ ਡਾਇਰੈਕਟਰ ਪੰਜਾਬ ਵਿਭਾਗ ਦੇ ਆਗਮਨ ਨਾਲ ਹੋਈ | ਉਨ੍ਹਾਂ ਨੇ ਸਕੂਲ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰਨਾਂ ਗਤੀਵਿਧੀਆਂ ਬੱਚਿਆਂ ਦੇ ਪੂਰੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਕੂਲ ਇਸ ਦਿਸ਼ਾ 'ਚ ਬਿਹਤਰ ਕੰਮ ਕਰ ਰਿਹਾ ਹੈ | ਇਸ ਮੌਕੇ ਸਕੂਲ 'ਚ ਖਾਣ-ਪੀਣ ਦੇ ਕਈ ਸਟਾਲ ਵੀ ਲਗਾਏ ਗਏ ਅਤੇ ਨਾਲ ਹੀ ਬੱਚਿਆਂ ਲਈ ਮਨੋਰੰਜਕ ਖੇਡਾਂ ਤੇ ਕਲਾ ਦੇ ਪ੍ਰਦਰਸ਼ਨ ਲਈ ਮੁਕਾਬਲੇ ਵੀ ਕਰਵਾਏ ਗਏ | ਸਮਾਗਮ ਦੌਰਾਨ ਮਿੱਟੀ ਦੇ ਭਾਂਡੇ ਬਣਾਉਣ ਦੀ ਗਤੀਵਿਧੀ ਅਤੇ ਜਾਦੂ ਦਾ ਸ਼ੋਅ ਖਿੱਚ ਦਾ ਕੇਂਦਰ ਰਿਹਾ, ਜਿਸ ਨਾਲ ਛੋਟੇ-ਛੋਟੇ ਬੱਚੇ ਕਾਫ਼ੀ ਖ਼ੁਸ਼ ਦਿਖਾਈ ਦਿੱਤੇ | ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦੀ ਮਿਹਨਤ ਨੂੰ ਦਰਸਾਉਂਦੀ 'ਅਚੀਵਮੈਂਟ ਵਾਲ' ਨੂੰ ਵੀ ਮਾਪਿਆਂ ਨੇ ਬਹੁਤ ਪਸੰਦ ਕੀਤਾ | ਸਮਾਗਮ ਦਾ ਵੱਡਾ ਆਕਰਸ਼ਣ ਨਵੇਂ ਦਾਖ਼ਲਿਆਂ ਸੰਬੰਧੀ ਤਿੰਨ ਵੱਖ-ਵੱਖ ਸ਼੍ਰੇਣੀਆਂ 'ਚ ਕੱਢਿਆ ਗਿਆ ਲੱਕੀ ਡਰਾਅ ਸੀ | ਅੰਤ 'ਚ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਚਹਿਲ ਅਤੇ ਪਿ੍ੰ. ਡਾ. ਵਸੁੰਧਰਾ ਨੇ ਸਟਾਫ਼ ਦੀ ਮਿਹਨਤ ਤੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ, ਜਦਕਿ ਮੈਨੇਜਮੈਂਟ ਮੈਂਬਰ ਬਰਖਾ ਰਾਮ ਅਤੇ ਸੁਭਾਸ਼ ਚੋਪੜਾ ਨੇ ਵੀ ਅਧਿਆਪਕਾਂ ਦੇ ਟੀਮ ਵਰਕ ਅਤੇ ਸਮਰਪਣ ਦੀ ਸ਼ਲਾਘਾ ਕੀਤੀ |