ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੰਦੌੜ ਇਲਾਕੇ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਦਾ ਸੰਦੌੜ ਪੁਲਿਸ ਖ਼ਿਲਾਫ਼ ਵਧਿਆ ਗ਼ੁੱਸਾ <br/>

Ad Position 21
No active advertisement
23-11-2025
ਸੰਦੌੜ, 22 ਨਵੰਬਰ (ਗੁਰਪ੍ਰੀਤ ਸਿੰਘ ਚੀਮਾ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡਾਂ ਵਿਚ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ ਹੈ | ਨਿਤ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਖ਼ਾਸ ਕਰ ਕਿਸਾਨਾਂ ਵਿਚ ਸਹਿਮ ਦਾ ਮਾਹੌਲ ਹੈ ਜਦਕਿ ਸੰਦੌੜ ਪੁਲਿਸ ਚੋਰਾਂ ਨੂੰ ਫੜਨ ਵਿਚ ਨਾਕਾਮ ਸਾਬਤ ਹੋ ਰਹੀ ਹੈ | ਸੰਦੌੜ ਇਲਾਕੇ ਅੰਦਰ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਵੱਖ-ਵੱਖ ਪਿੰਡਾਂ ਦੇ ਖੇਤਾਂ ਚੋਂ ਕੇਵਲ ਤਾਰਾਂ ਅਤੇ ਟਰਾਂਸਫ਼ਾਰਮਰ ਚੋਰੀ ਹੋ ਰਹੇ ਹਨ |ਸੰਦੌੜ ਪੁਲਿਸ ਤੇ ਇੰਨ੍ਹੀਆਂ ਚੋਰੀਆਂ ਹੋਣ ਦੇ ਬਾਵਜੂਦ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਹੈ ਕਿਸਾਨਾਂ ਦਾ ਪੁਲਿਸ ਖ਼ਿਲਾਫ਼ ਗ਼ੁੱਸਾ ਦਿਨੋਂ ਦਿਨ ਵੱਧ ਰਿਹਾ ਹੈ | ਲਗਾਤਾਰ ਚੋਰੀਆਂ ਤੋਂ ਅੱਕ ਚੁੱਕੇ ਕਿਸਾਨਾਂ ਨੂੰ ਆਖ਼ਰਕਾਰ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਅੱਜ ਚੋਰੀਆਂ ਤੋਂ ਦੁਖੀ ਹੋ ਕੇ ਅਤੇ ਸੰਦੌੜ ਪੁਲਿਸ ਵਲੋਂ ਚੋਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਰ ਕੇ ਥਾਣਾ ਸੰਦੌੜ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਥਾਣਾ ਸੰਦੌੜ ਦੇ ਐਸਐਚਓ ਗਗਨਦੀਪ ਸਿੰਘ ਦੇ ਛੁੱਟੀ ਤੇ ਹੋਣ ਕਾਰਨ ਅਤੇ ਡੀਐਸਪੀ ਮਲੇਰਕੋਟਲਾ ਤੋਂ ਮਿਲੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਨੇ ਆਪਣਾ ਪ੍ਰਦਰਸ਼ਨ ਅਗਲੇ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਥਾਣਾ ਸੰਦੌੜ ਅਧੀਨ ਪੈਂਦੇ ਪਿੰਡਾਂ ਸ਼ੇਰਗੜ੍ਹ ਚੀਮਾ, ਮਾਣਕੀ, ਭੂਦਨ, ਕੁਠਾਲਾ, ਹਥਨ, ਬੁੱਕਣਵਾਲ ਆਦਿ ਪਿੰਡਾਂ ਅੰਦਰ ਕਿਸਾਨਾਂ ਦੀਆਂ ਮੋਟਰਾਂ ਤੋਂ ਸੈਂਕੜੇ ਦੀ ਗਿਣਤੀ ਵਿਚ ਟਰਾਂਸਫ਼ਾਰਮਰ ਅਤੇ ਕੇਬਲ ਤਾਰਾਂ ਚੋਰੀ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਦਿਨੋਂ ਦਿਨ ਵੱਧ ਰਹੇ ਹਨ ਅਤੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਤੇ ਲੱਗੇ ਟਰਾਂਸਫ਼ਾਰਮਰ ਅਤੇ ਕੇਬਲ ਤਾਰਾਂ ਬਚਾਉਣ ਲਈ ਰਾਤਾਂ ਨੂੰ ਜਾਗਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਇਕ ਕਿਸਾਨ ਦੀ ਮੋਟਰ ਤੇ ਕਈ ਕਈ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਇਸ ਮਾਮਲੇ ਵਿਚ ਹੱਥ ਤੇ ਹੱਥ ਧਰੀ ਬੈਠੀ ਹੈ | ਉਨ੍ਹਾਂ ਕਿਹਾ ਕਿ ਅੱਜ ਯੂਨੀਅਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਧਰਨਾ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਡੀਐਸਪੀ ਮਲੇਰਕੋਟਲਾ ਨਾਲ ਇਸ ਮਾਮਲੇ ਵਿਚ ਸੋਮਵਾਰ ਨੂੰ ਮੀਟਿੰਗ ਤਹਿ ਹੋਣ ਕਾਰਣ ਧਰਨਾ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਚੋਰੀਆਂ ਨਾ ਰੁਕੀਆਂ ਤਾਂ ਪੁਲਿਸ ਖ਼ਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ | ਕਿਸਾਨਾਂ ਦਾ ਦੋਸ ਹੈ ਕਿ ਸੰਦੌੜ ਪੁਲਿਸ ਦੇ ਮੁਲਾਜਮ ਚੋਰੀ ਦੀ ਕੰਪਲੇਂਟ ਲਿਖਣ ਵਿਚ ਵੀ ਆਨਾਕਾਨੀ ਕਰਦੇ ਹਨ | ਕਿਸਾਨ ਜਦੋਂ ਟਰਾਂਸਫਾਰਮ ਚੋਰੀ ਸਬੰਧੀ ਇਤਲਾਹ ਦੇਣ ਲਈ ਥਾਣੇ ਜਾਂਦਾ ਹੈ ਤਾਂ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਕਿਸਾਨਾਂ ਨੂੰ ਰਿਪੋਰਟ ਲਿਖਵਾਉਣ ਲਈ ਵੀ ਮਿੰਨਤਾਂ ਤਰਲੇ ਕਰਨੇ ਪੈਂਦੇ ਹਨ | ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਸੰਦੌੜ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ | ਇਸ ਮਾਮਲੇ ਸਬੰਧੀ ਥਾਣਾ ਸੰਦੌੜ ਦੇ ਐਸ.ਐਸ.ਓ ਗਗਨਦੀਪ ਸਿੰਘ ਛੁੱਟੀ ਦੇ ਹੋਣ ਕਾਰਣ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਡਿਊਟੀ ਅਫ਼ਸਰ ਅਮਰੀਕ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪੁਲਿਸ ਵਲੋਂ ਰਾਤ ਵੇਲੇ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ | ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਰਛਪਾਲ ਸਿੰਘ ਫਰੀਦਪੁਰ, ਸਵਰਨਜੀਤ ਸਿੰਘ ਦੁਲਮਾਂ, ਨਛੱਤਰ ਸਿੰਘ ਝਨੇਰ, ਚਮਕੌਰ ਸਿੰਘ, ਜਰਨੈਲ ਸਿੰਘ ਭੈਣੀ ਕਲਾਂ, ਸ਼ਿੰਦਰ ਸਿੰਘ ਕੁਠਾਲਾ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਸੱਟਾਂ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 4 ਵਿਅਕਤੀ ਗਿ੍ਫ਼ਤਾਰ <br/>
Ad Position 24
No active advertisement