ਮਲੇਰਕੋਟਲਾ, 22 ਨਵੰਬਰ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ)-ਡੀ.ਐੱਸ.ਪੀ. ਸਬ ਡਵੀਜ਼ਨਲ ਮਲੇਰਕੋਟਲਾ ਡਾ. ਮਾਨਵਜੀਤ ਸਿੰਘ ਸਿੱਧੂ ਨੇ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਸਪੈਕਟਰ ਬਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਸ਼ਹਿਰੀ-1 ਮਲੇਰਕੋਟਲਾ, ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਇੰਸਪੈਕਟਰ ਗੁਰਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਸ਼ਹਿਰੀ-2 ਮਲੇਰਕੋਟਲਾ, ਸਹਾਇਕ ਥਾਣੇਦਾਰ ਪ੍ਰਵੀਨ ਕੁਮਾਰ ਦੀਆਂ ਟੀਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲਣ ਦਾ ਦਾਅਵਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਮੋਟਰ-ਸਾਈਕਲ ਚੋਰੀ ਕਰਨ ਵਾਲੇ 4 ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 5 ਚੋਰੀ ਕੀਤੇ ਗਏ ਮੋਟਰ-ਸਾਈਕਲ ਬਰਾਮਦ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤੇ ਕ੍ਰਮਵਾਰ ਮੁਕੱਦਮਾ ਨੰਬਰ 278 ਮਿਤੀ 19 ਨਵੰਬਰ ਨੂੰ 303 (2), 317(2), 346 ਬੀ.ਐਨ.ਐੱਸ. ਤਹਿਤ ਥਾਣਾ ਸ਼ਹਿਰੀ-1 ਮਲੇਰਕੋਟਲਾ ਬਰਿਖ਼ਲਾਫ਼ ਮੁਹੰਮਦ ਸਾਹਿਲ ਉਰਫ਼ ਘੰਟੀ ਪੁੱਤਰ ਫ਼ਿਰੋਜ਼ ਆਲਮ ਅਤੇ ਮੁਹੰਮਦ ਮੁਦੱਸਰ ਉਰਫ਼ ਕਾਕਾ ਪੁੱਤਰ ਮੁਹੰਮਦ ਅਰਸ਼ਦ ਵਾਸੀਆਨ ਗੋਬਿੰਦ ਨਗਰ ਮਲੇਰਕੋਟਲਾ ਜਿਨ੍ਹਾਂ ਕੋਲੋਂ 3 ਮੋਟਰ-ਸਾਈਕਲ ਬਿਨਾਂ ਨੰਬਰੀ ਅਤੇ ਮੁਕੱਦਮਾ ਨੰਬਰ 312 ਮਿਤੀ 21 ਨਵੰਬਰ ਨੂੰ 303 (2), 317(2), 346 ਬੀ.ਐਨ.ਐੱਸ. ਤਹਿਤ ਥਾਣਾ ਸ਼ਹਿਰੀ-2 ਮਲੇਰਕੋਟਲਾ ਬਰਿਖ਼ਲਾਫ਼ ਜਸਪਾਲ ਸਿੰਘ ਉਰਫ਼ ਵਿੱਕੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਝਲੂਰ ਜ਼ਿਲ੍ਹਾ ਬਰਨਾਲਾ ਅਤੇ ਮਨਦੀਪ ਸਿੰਘ ਉਰਫ਼ ਫ਼ੌਜੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਹਰੀਕੇ ਪੱਤੀ ਸ਼ੇਖਾ ਜ਼ਿਲ੍ਹਾ ਬਰਨਾਲਾ ਕੋਲ ਚੋਰੀ ਸ਼ੁਦਾ ਇਕ ਮੋਟਰ-ਸਾਈਕਲ ਬਰਾਮਦ ਕਰਾਇਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਮੁਕੱਦਮਾ ਉਕਤ ਵਿਚ ਡੰੂਘਾਈ ਨਾਲ ਜਾਂਚ ਕਰ ਕੇ ਹੋਰ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਹਿਲਾਂ ਵੀ ਚੋਰੀਆਂ ਕਰਨ ਦੇ ਆਦੀ ਹਨ ਜੋ ਸ਼ਹਿਰ ਮਲੇਰਕੋਟਲਾ ਤੋਂ ਇਲਾਵਾ ਹੋਰ ਵੱਖ-ਵੱਖ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ ਤੋਂ ਮੋਟਰ-ਸਾਈਕਲ ਚੋਰੀ ਕਰਦੇ ਸਨ | ਉਕਤਾਨ ਵਿਅਕਤੀਆਂ ਤੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ | ਡੀ.ਐੱਸ.ਪੀ. ਡਾ. ਮਾਨਵਜੀਤ ਸਿੰਘ ਸਿੱਧੂ ਨੇ ਮਾੜੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹ ਕਿ ਸ਼ਰਾਰਤੀ ਅਨਸਰ ਅਜਿਹੀਆਂ ਵਾਰਦਾਤਾਂ ਕਰਨ ਤੋਂ ਬਾਜ਼ ਆਉਣ ਨਹੀਂ ਤਾਂ ਮਲੇਰਕੋਟਲਾ ਪੁਲਿਸ ਵਲੋਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |