ਬਠਿੰਡਾ, 23 ਨਵੰਬਰ (ਪੱਤਰ ਪ੍ਰੇਰਕ)-ਪ੍ਰੇਮਿਕਾ ਤੋਂ ਖਫਾ ਹੋਏ ਸਾਬਕਾ ਪ੍ਰੇਮੀ ਵਲੋਂ ਸਥਾਨਕ ਕੋਰਟ ਰੋਡ 'ਤੇ ਚੱਲ ਰਹੇ ਇਕ ਵਿਆਹ ਸਮਾਗਮ ਦੌਰਾਨ ਗਲੀ ਵਿਚ ਖੜ੍ਹੇ ਦੋ ਵਾਹਨਾਂ ਨੂੰ ਅੱਗ ਲਗਾਉਣ ਦੀ ਖਬਰ ਮਿਲੀ ਹੈ, ਅੱਗ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ | ਥਾਣਾ ਕੋਤਵਾਲੀ ਦੀ ਪੁਲਿਸ ਨੇ 2 ਜਣਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਮੁਤਾਬਿਕ ਇਕ ਲੜਕੀ ਜਿਸ ਦੇ ਸ਼ਨੀ ਵਾਸੀ ਕਿੱਕਰ ਦਾਸ ਮੁਹੱਲਾ ਬਠਿੰਡਾ ਨਾਲ ਪਹਿਲਾਂ ਪ੍ਰੇਮ ਸਬੰਧ ਸਨ, ਪ੍ਰੰਤੂ ਕੁਝ ਮਤਭੇਦਾਂ ਕਾਰਨ ਅਜੋਕੇ ਸਮੇਂ ਲੜਕੀ ਦੀ ਲੜਕੇ ਨਾਲ ਕੋਈ ਗੱਲਬਾਤ ਨਹੀਂ ਸੀ ਚੱਲ ਰਹੀ | ਰਾਤੀ ਲੜਕੀ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਕੋਰਟ ਰੋਡ 'ਤੇ ਕਿਸੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਈ ਸੀ, ਜਿਸ ਨੇ ਆਪਣੀ ਸਕੂਟਰੀ ਗਲੀ ਵਿਚ ਖੜ੍ਹੀ ਕਰ ਦਿੱਤੀ ਇਸ ਦੌਰਾਨ ਦੇਰ ਰਾਤ ਨੂੰ ਲੜਕੀ ਦੇ ਸਾਬਕਾ ਪ੍ਰੇਮੀ ਸਨੀ ਨੇ ਆਪਣੇ ਸਾਥੀ ਰਾਜਵੀਰ ਨਾਲ ਮਿਲ ਕੇ ਗਲੀ ਵਿਚ ਖੜ੍ਹੀ ਉਸ ਦੀ ਸਕੂਟਰੀ ਨੂੰ ਅੱਗ ਲਗਾ ਦਿੱਤੀ ਤੇ ਫ਼ਰਾਰ ਹੋ ਗਏ | ਅੱਗ ਕਾਰਨ ਸਕੂਟਰੀ ਕੋਲ ਖੜ੍ਹੇ 1 ਹੋਰ ਵਹੀਕਲ ਵੀ ਅੱਗ ਦੀ ਲਪੇਟ ਵਿਚ ਆ ਗਏ, ਜਿਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਬੜੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ | ਪੁਲਿਸ ਮੁਤਾਬਿਕ ਗਲੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੋਟੋਜ਼ ਖੰਗਾਲਣ ਉਪਰੰਤ ਦੋਵੇਂ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਅੱਗ ਲੱਗਣ ਕਾਰਨ ਕਰੀਬ ਸਵਾ ਲੱਖ ਰੁਪਏ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ |