ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)-ਜ਼ਿਲੇ੍ਹ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ 48 ਫ਼ੀਸਦੀ ਘੱਟ ਹਨ | ਇਹ ਜਾਣਕਾਰੀ ਦਿੰਦਿਆਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਗਿਆ ਅਤੇ ਲੋੜੀਂਦੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਸੈਟੇਲਾਈਟ ਅੰਕੜਿਆਂ ਅਨੁਸਾਰ 2023 ਵਿਚ (15 ਸਤੰਬਰ ਤੋਂ 22 ਨਵੰਬਰ ਦੌਰਾਨ) ਪਰਾਲੀ ਨੂੰ ਅੱਗ ਲਾਉਣ ਦੇ 2253, 2024 ਦੌਰਾਨ 592 ਜਦਕਿ ਇਸ ਸਾਲ 304 ਮਾਮਲੇ ਹੀ ਸਾਹਮਣੇ ਆਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 244 ਪਿੰਡਾਂ ਵਿਚੋਂ 104 ਪਿੰਡ ਅਜਿਹੇ ਹਨ, ਜਿੱਥੇ 100 ਫ਼ੀਸਦੀ ਪਰਾਲੀ ਪ੍ਰਬੰਧਨ ਹੋਇਆ ਹੈ ਤੇ ਅੱਗ ਲਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ | ਇਸ ਤੋਂ ਇਲਾਵਾ ਕਈ ਪਿੰਡ ਹਾਟ ਸਪਾਟ ਤੋਂ ਜ਼ੀਰੋ ਬਰਨਿੰਗ ਪਿੰਡਾਂ ਵਜੋਂ ਉੱਭਰੇ ਹਨ, ਜਿਨ੍ਹਾਂ 'ਚੋਂ ਪਿੰਡ ਹੀਰੋ ਕਲਾਂ ਮਿਸਾਲ ਬਣਿਆ ਹੈ | ਇਸ ਪਿੰਡ 'ਚ 2023 ਵਿਚ ਪਰਾਲੀ ਨੂੰ ਅੱਗ ਲਾਉਣ ਦੇ 45 ਅਤੇ 2024 ਵਿਚ 15 ਮਾਮਲੇ ਸਨ ਪਰ ਇਸ ਵਾਰ ਕਿਸੇ ਵੀ ਕਿਸਾਨ ਨੇ ਪਰਾਲੀ ਨਹੀਂ ਸਾੜੀ | ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 131 ਮਾਮਲਿਆਂ 'ਚ 6,65,000 ਰੁਪਏ ਵਾਤਾਵਰਨ ਕੰਪਨਸੇਸ਼ਨ ਲਗਾਉਣ ਦੇ ਨਾਲ ਹੀ ਰੈੱਡ ਐਂਟਰੀ ਅਤੇ ਐਫ.ਆਈ.ਆਰਜ਼ ਦਰਜ ਹੋਈਆਂ ਹਨ | ਉਨ੍ਹਾਂ ਕਿਹਾ ਕਿ 207 ਨੋਡਲ ਅਫ਼ਸਰਾਂ/ਸੁਪਰਵਿਜ਼ਨ ਅਫ਼ਸਰਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ | ਇਸ ਮੌਕੇ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਮਾਨਸਾ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ, ਲਵਲੀਨ ਕੌਰ ਆਈ.ਏ.ਐੱਸ. (ਸਿਖਲਾਈ ਅਧੀਨ) ਆਦਿ ਹਾਜ਼ਰ ਸਨ |
ਜ਼ਿਲ੍ਹੇ 'ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ 48 ਫ਼ੀਸਦੀ ਮਾਮਲੇ ਘੱਟ-ਡੀ.ਸੀ. <br/>
ਅਜੀਤ ਡੈਸਕ
24-11-2025