ਨੂਰਪੁਰ ਬੇਦੀ 21 ਸਤੰਬਰ (ਵਿੰਦਰਪਾਲ ਝਾਂਡੀਆਂ)-ਸੀ. ਪੀ .ਆਈ. (ਐੱਮ) ਦੀ ਮੀਟਿੰਗ ਕਾਮਰੇਡ ਗੀਤਾ ਰਾਮ ਕਰਤਾਰਪੁਰ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ .ਪੀ .ਆਈ. (ਐੱਮ) ਤੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਜਿੰਦਰ ਸਿੰਘ ਪੰਡਿਤ, ਸੋਮਨਾਥ ਕਰਤਾਰਪੁਰ, ਭਜਨ ਸਿੰਘ ਸੰਦੋਆ, ਰਾਮ ਸਿੰਘ ਸੈਣੀਮਾਜਰਾ, ਪ੍ਰੋਮਿਲਾ ਦੇਵੀ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਵਿਰੁੱਧ ਗ੍ਰਾਮ ਪੰਚਾਇਤਾਂ ਵੱਲੋਂ ਪੂਰਨ ਬਾਈਕਾਟ ਦੇ ਮਤੇ ਪਾਸ ਕੀਤੇ ਜਾ ਰਹੇ ਹਨ, ਅਤੇ ਕੁੱਝ ਥਾਵਾਂ ਤੇ ਭਈਆਂ ਨੂੰ ਪੰਜਾਬ ਵਿਚੋਂ ਕੱਢਣ ਦੀ ਮੰਗ ਉਠਾਈ ਜਾ ਰਹੀ ਹੈ | ਪ੍ਰਵਾਸੀਆਂ ਵਿਚੋਂ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਅਪਰਾਧੀ ਸਮਝ ਕੇ ਉਸ 'ਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਮਾਨਸ ਕੀ ਜਾਤ ਸੱਭੇ ਏਕ ਪਹਿਚਾਨਣ ਦੀ ਸੋਚ ਨਾਲ ਜੁੜਿਆ ਹੋਇਆ ਹੈ | ਪੰਜਾਬ ਅਤੇ ਦੇਸ਼ ਦੋਖੀ ਤਾਕਤਾਂ ਲੋਕਾਂ ਦੀ ਆਪਸੀ ਏਕਤਾ ਤੋੜਨ ਰਾਹੀਂ ਆਪਣੇ ਸੌੜੇ ਸੁਆਰਥ ਪੂਰੇ ਕਰਨ ਵਿਚ ਲੱਗੇ ਰਹਿੰਦੇ ਹਨ | ਉਹ ਅਜਿਹੇ ਅਵਸਰ ਦੀ ਤਾਕ 'ਚ ਰਹਿੰਦੇ ਤੇ ਉਹ ਅਜਿਹੇ ਅਵਸਰ ਖ਼ੁਦ ਹੀ ਪੈਦਾ ਕਰਦੇ ਰਹਿੰਦੇ ਹਨ | ਇਸ ਬਾਈਕਾਟ ਦੀ ਘਟਨਾਕ੍ਰਮ ਦਾ ਪਿਛੋਕੜ ਇਹ ਹੈ ਕਿ ਹੁਸ਼ਿਆਰਪੁਰ 'ਚ ਇਕ ਪ੍ਰਵਾਸੀ ਵਲੋਂ ਮਾਸੂਮ ਬੱਚੇ ਦੀ ਹੱਤਿਆ ਕੀਤੀ ਗਈ ਹੈ ਜੋ ਬਹੁਤ ਹੀ ਨਿੰਦਣਯੋਗ ਹੈ | ਇਸ ਘਿਣਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਵਿਰੁੱਧ ਕਾਨੂੰਨੀ ਤੌਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਤੋ ਇਲਾਵਾ ਹੋਰ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ |